ਜਾਰਜ ਦੀ ਮੌਤ ''ਤੇ ਈਰਾਨ ਦੇ ਲੀਡਰ ਨੇ ਕਿਹਾ, ''ਇਹ ਹੈ ਅਮਰੀਕਾ ਦਾ ਅਸਲੀ ਚਿਹਰਾ''

06/03/2020 7:58:22 PM

ਤਹਿਰਾਨ - ਬੁੱਧਵਾਰ ਨੂੰ ਈਰਾਨ ਦੇ ਸਰਵ ਉੱਚ ਨੇਤਾ ਆਯਤੁੱਲਾਹ ਅਲੀ ਖਾਮਨੇਈ ਨੇ ਜਾਰਜ ਫਲਾਇਡ ਦੀ ਹੱਤਿਆ ਨੂੰ ਲੈ ਕੇ ਅਮਰੀਕਾ 'ਤੇ ਜਮ੍ਹ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਪੁਲਸ ਵੱਲੋਂ ਹੱਤਿਆ ਅਮਰੀਕਾ ਦੇ ਅਸਲੀ ਚਿਹਰੇ ਨੂੰ ਦਿਖਾਉਂਦੀ ਹੈ। ਆਯਤੁੱਲਾਹ ਅਲੀ ਖਾਮਨੇਈ ਨੇ ਕਿਹਾ ਕਿ ਇਕ ਪੁਲਸ ਕਰਮੀ ਬੇਰਹਿਮੀ ਨਾਲ ਉਸ ਆਦਮੀ ਦੇ ਗਲੇ 'ਤੇ ਆਪਣਾ ਗੋਢਾ ਰੱਖ ਕੇ ਬੈਠਾ ਰਹਿੰਦਾ ਹੈ ਜਦ ਤੱਕ ਕਿ ਉਸ ਦੀ ਮੌਤ ਨਹੀਂ ਹੋ ਜਾਂਦੀ ਅਤੇ ਹੋਰ ਪੁਲਸ ਵਾਲੇ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਸਿਰਫ ਤਮਾਸ਼ਾ ਦੇਖ ਰਹੇ ਹੁੰਦੇ ਹਨ। ਇਹ ਬਿਲਕੁਲ ਗਲਤ ਹੈ।

ਉਨ੍ਹਾਂ ਅੱਗੇ ਆਖਿਆ ਕਿ ਇਹ ਅਮਰੀਕਾ ਦਾ ਅਸਲੀ ਚਿਹਰਾ ਹੈ। ਉਸ ਨੇ ਪਹਿਲਾਂ ਵੀ ਦੁਨੀਆ ਭਰ ਵਿਚ ਅਜਿਹਾ ਕੀਤਾ ਹੈ। ਅਫਗਾਨਿਸਤਾਨ, ਇਰਾਕ, ਸੀਰੀਆ ਅਤੇ ਉਸ ਤੋਂ ਪਹਿਲਾਂ ਵਿਅਤਨਾਮ ਵਿਚ। ਖਾਮਨੇਈ ਨੇ ਕਿਹਾ ਕਿ ਇਹ ਸੰਯੁਕਤ ਰਾਜ ਅਮਰੀਕਾ ਦੀ ਕਾਰਵਾਈ ਦਾ ਆਮ ਕੋਰਸ ਹੈ, ਇਹ ਉਨ੍ਹਾਂ ਦੇ ਸ਼ਾਸਨ ਦਾ ਅਸਲੀ ਚਿਹਰਾ ਹੈ। ਇਹ ਸੱਚਾਈਆਂ ਹਨ ਜੋ ਹਮੇਸ਼ਾਂ ਲੁਕੀਆਂ ਹੋਈਆਂ ਸਨ ਪਰ ਨਵੀਂ ਨਹੀਂ ਹੈ। ਉਥੇ ਹੀ ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਮਾਮਲਿਆਂ ਨੂੰ ਲੈ ਕੇ ਆਯਤੁੱਲਾਹ ਅਲੀ ਖਾਮਨੇਈ ਨੇ ਕਿਹਾ ਕਿ ਅਮਰੀਕੀ ਨੇਤਾ ਪਹਿਲਾਂ ਹੀ ਆਪਣੇ ਕਾਰਜਾਂ ਨੂੰ ਲੈ ਕੇ ਬਦਨਾਮ ਹੋ ਚੁੱਕੇ ਹਨ। ਕੋਰੋਨਾ ਦੇ ਅੰਕੜੇ ਦਿਖਾਉਂਦੇ ਹੋਏ ਖਾਮਨੇਈ ਨੇ ਕਿਹਾ ਕਿ ਦੇਖੋ ਉਥੇ ਕਿੰਨਾ ਕੰਟਰੋਲ ਹੈ। ਉਨ੍ਹਾਂ ਅੱਗੇ ਆਖਿਆ ਕਿ ਅਮਰੀਕਾ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 1.08 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi