ਓਬਾਮਾ ਨੇ ਘਟਾਈ ਚੇਲਸੀ ਮੈਨਿੰਗ ਦੀ ਸਜ਼ਾ

01/18/2017 8:03:58 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਸੈਨਿਕ ਚੇਲਸੀ ਮੈਨਿੰਗ ਦੀ ਜੇਲ੍ਹ ਦੀ ਸਜ਼ਾ ਘੱਟ ਕਰ ਦਿੱਤੀ ਹੈ। ਚੇਲਸੀ ਮੈਨਿੰਗ ਨੂੰ ਲੱਖਾਂ ਦੇ ਗੁਪਤ ਦਸਤਾਵੇਜ਼ ਲੀਕ ਕਰਨ ਲਈ 35 ਸਾਲ ਜੇਲ੍ਹ ਦੀ ਸਜ਼ਾ ਮਿਲੀ ਸੀ। ਵ੍ਹਾਈਟ ਹਾਊਸ ਅਨੁਸਾਰ ਚੇਲਸੀ ਮੈਨਿੰਗ ਨੂੰ ਹੁਣ ਮਈ ''ਚ ਰਿਹਾਅ ਕਰ ਦਿੱਤਾ ਜਾਵੇਗਾ। ਪਹਿਲਾਂ ਉਨ੍ਹਾਂ ਨੂੰ 2045 ''ਚ ਰਿਹਾਅ ਕੀਤਾ ਜਾਣਾ ਸੀ। ਚੇਲਸੀ ਮੈਨਿੰਗ ਟ੍ਰਾਂਸਜੇਂਡਰ ਹੈ, ਉਹ ਇਕ ਸੈਨਿਕ ਦੇ ਤੌਰ ''ਤੇ ਇਰਾਕ ''ਚ ਤਾਇਨਾਤ ਸੀ ਅਤੇ ਪਹਿਲਾਂ ਬ੍ਰੇਡਲੀ ਦੇ ਨਾਮ ਨਾਲ ਜਾਣੀ ਜਾਂਦੀ ਸੀ। 
ਬ੍ਰੈਡਲੀ ਦੇ ਨਾਮ ਤੋਂ ਹੀ ਉਨ੍ਹਾਂ ਨੂੰ ਸਜ਼ਾ ਹੋਈ ਸੀ। ਅੱਗੇ ਚੱਲ ਕੇ ਉਨ੍ਹਾਂ ਘੋਸ਼ਣਾ ਕੀਤੀ ਕਿ ਉਹ ਇਕ ਮਹਿਲਾ ਦੇ ਤੌਰ ''ਤੇ ਜੀਣਾ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਨਾਂ ਚੇਲਸੀ ਹੈ। ਵਿਕੀਲੀਕਸ ਵੈੱਬਸਾਈਟ ਨੂੰ ਲੱਖਾਂ ਸੰਵੇਦਨਸ਼ੀਲ ਸੈਨਿਕ ਅਤੇ ਰਾਜਨੀਤਕ ਦਸਤਾਵੇਜ਼ ਮੁਹੱਈਆ ਕਰਾਉਣ ਲਈ ਚੇਲਸੀ ਮੈਨਿੰਗ ਨੂੰ 2013 ''ਚ ਦੋਸ਼ੀ ਕਰਾਰ ਦਿੱਤਾ ਗਿਆ। ਅਮਰੀਕਾ ਦੇ ਇਤਿਹਾਸ ''ਚ ਇਸ ਤੋਂ ਪਹਿਲਾਂ ਕਦੇ ਵੀ ਦਸਤਾਵੇਜ਼ ਲੀਕ ਨਹੀਂ ਹੋਏ ਸਨ। ਚੇਲਸੀ ਮੈਨਿੰਗ ਨੇ ਦੋ ਵਾਰ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਓਬਾਮਾ ਪ੍ਰਸ਼ਾਸ਼ਨ ''ਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਦਬਾਅ ਸੀ। ਚੇਲਸੀ ਮੈਨਿੰਗ ਦੇ ਨਾਲ-ਨਾਲ ਰਾਸ਼ਟਰਪਤੀ ਓਬਾਮਾ ਨੇ ਇਕ ਰਿਟਾਇਰਡ ਜਨਰਲ ਜੇਮਸ ਕਾਰਟਰਾਈਡ ਨੂੰ ਵੀ ਮਾਫੀ ਦਿੱਤੀ ਹੈ। 
ਕਾਰਟਰਾਈਡ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ''ਤੇ ਸਾਈਬਰ ਹਮਲੇ ਬਾਰੇ ਲੀਕ ਹੋਈਆਂ ਜਾਣਕਾਰੀਆਂ ਨਾਲ ਜੁੜੀ ਐੱਫ.ਬੀ.ਆਈ ਦੀ ਇਕ ਜਾਂਚ ''ਚ ਝੂਠੇ ਬਿਆਨ ਦਿੱਤੇ ਸਨ। ਓਬਾਮਾ ਨੇ ਆਪਣੇ ਕਾਰਜਕਾਲ ''ਚ 1,385 ਲੋਕਾਂ ਦੀਆਂ ਸਜ਼ਾਵਾਂ ਘੱਟ ਕੀਤੀਆਂ ਹਨ। 212 ਲੋਕਾਂ ਨੂੰ ਮਾਫੀ ਦਿੱਤੀ ਹੈ। ਅੰਕੜਿਆਂ ਦੇ ਹਿਸਾਬ ਨਾਲ ਪਿਛਲੇ 12 ਰਾਸ਼ਟਰਪਤੀਆਂ ਨੇ ਕੁੱਲ ਮਿਲਾ ਕੇ ਜਿੰਨੇ ਲੋਕਾਂ ਦੀ ਸਜ਼ਾ ਘਟਾਈ ਹੈ, ਉਨ੍ਹਾਂ ''ਚੋਂ ਜ਼ਿਆਦਾਤਰ ਨੂੰ ਇਕੱਲੇ ਓਬਾਮਾ ਨੇ ਮਾਫੀ ਦਿੱਤੀ ਹੈ।