ਰੂਸ ਦੀ ਦਖਲਅੰਦਾਜ਼ੀ ''ਤੇ FBI ਦੇ ਸ਼ੱਕ ''ਤੇ ਓਬਾਮਾ ਨੇ ਕੁਝ ਨਹੀਂ ਕੀਤਾ : ਟਰੰਪ

10/21/2018 10:18:53 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਹੈ ਕਿ ਜਾਂਚ ਏਜੰਸੀ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ਨੇ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਦਖਲਅੰਦਾਜ਼ੀ ਦਾ ਸ਼ੱਕ ਜਤਾਇਆ ਸੀ। ਉਨ੍ਹਾਂ ਆਖਿਆ ਕਿ ਇਸ ਦੇ ਬਾਵਜੂਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਬੰਧ 'ਚ ਕੋਈ ਕਦਮ ਨਹੀਂ ਚੁੱਕਿਆ। ਨਵੰਬਰ 'ਚ ਹੋਣ ਜਾ ਰਹੀਆਂ ਮਿੱਡ-ਟਰਮ ਦੀਆਂ ਚੋਣਾਂ ਦੇ ਸਿਲਸਿਲੇ 'ਚ ਨੇਵਾਦਾ 'ਚ ਇਕ ਰੈਲੀ ਤੋਂ ਬਾਅਦ ਟਰੰਪ ਅਮਰੀਕੀ ਚੋਣਾਂ 'ਚ ਰੂਸ ਦੇ ਕਥਿਤ ਦਖਲਅੰਦਾਜ਼ੀ ਨਾਲ ਜੁੜੇ ਸਵਾਲ ਦਾ ਜਵਾਬ ਦੇ ਰਹੇ ਸਨ।
ਰੂਸ ਨੇ ਅਮਰੀਕੀ ਚੋਣਾਂ 'ਚ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਇਹ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਅਤੇ ਤੁਸੀਂ ਕਈ ਵਾਰ ਮੈਨੂੰ ਅਜਿਹਾ ਕਹਿੰਦੇ ਸੁਣਿਆ ਹੈ। ਐਫ. ਬੀ. ਆਈ. ਨੇ ਸਤੰਬਰ 'ਚ ਰਾਸ਼ਟਰਪਤੀ ਓਬਾਮਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਰੂਸ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਨੇ ਇਸ 'ਤੇ ਕੁਝ ਨਹੀਂ ਕੀਤਾ। ਅਜਿਹਾ ਇਸ ਲਈ ਉਨ੍ਹਾਂ ਨੇ ਸੋਚਿਆ ਕਿ ਹਿਲੇਰੀ ਕਲਿੰਟਨ ਜਿੱਤੇਗੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਆਉਣ ਵਾਲੀਆਂ ਚੋਣਾਂ ਦੀ ਰੱਖਿਆ ਲਈ ਲੋੜੀਦੇ ਕਦਮ ਚੁੱਕੇ ਹਨ। ਟਰੰਪ ਨੇ ਆਖਿਆ ਕਿ ਓਬਾਮਾ ਕੁਝ ਨਹੀਂ ਕੀਤਾ, ਉਨ੍ਹਾਂ ਨੇ ਉਂਗਲੀ ਤੱਕ ਨਹੀਂ ਚੁੱਕੀ ਅਤੇ ਨਾ ਹੀ ਇਕ ਪੈਸਾ ਖਰਚ ਕੀਤਾ। ਅਸੀਂ ਆਉਣ ਵਾਲੀਆਂ ਚੋਣਾਂ ਦੀ ਰੱਖਿਆ ਲਈ ਕਾਫੀ ਕੁਝ ਕੀਤਾ ਹੈ।