ਆਸਟ੍ਰੇਲੀਆ ''ਚ ਜੰਗਲੀ ਅੱਗ ਕਾਰਨ ਇਕ ਵਿਅਕਤੀ ਦੀ ਮੌਤ

12/03/2019 1:09:45 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਦੋ ਸਥਾਨਾਂ 'ਤੇ ਝਾੜੀਆਂ 'ਚ ਲੱਗੀ ਅੱਗ ਨੇ ਗਰਮੀ ਦੀ ਤਪਸ਼ ਵਧਾ ਦਿੱਤੀ ਹੈ। ਜੰਗਲੀ ਅੱਗ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਦੀ ਸਮੀਟਨ ਰੋਡ ਨੇੜੇ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ।

ਜੰਗਲੀ ਅੱਗ ਨੂੰ ਬੁਝਾਉਣ ਲਈ ਹਵਾਈ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਫਾਇਰ ਫਾਈਟਰਜ਼ ਇਸ ਨੂੰ ਕੰਟਰੋਲ ਕਰਨ 'ਚ ਲੱਗੇ ਹਨ। ਬੈਟਮੈਨ ਬੇਅ ਦੇ ਇਲਾਕੇ 'ਚ ਵੀ ਝਾੜੀਆਂ ਸੁਲਗ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜੰਗਲੀ ਅੱਗ ਕਾਰਨ ਬੀਤੀ ਰਾਤ ਇਕ ਘਰ ਸੜ ਕੇ ਸਵਾਹ ਹੋ ਗਿਆ। ਇਸ ਕਾਰਨ ਸਾਰਾ ਇਲਾਕਾ ਦਹਿਸ਼ਤ 'ਚ ਹੈ। ਪ੍ਰਦੂਸ਼ਿਤ ਹਵਾ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਤੇ ਆਪਣੀ ਸੁਰੱਖਿਆ ਲਈ ਲੋਕ ਮਾਸਕ ਪਾ ਕੇ ਘਰੋਂ ਨਿਕਲ ਰਹੇ ਹਨ।  

ਅਧਿਕਾਰੀਆਂ ਮੁਤਾਬਕ ਜੰਗਲੀ ਅੱਗ ਸੜਕਾਂ ਵੱਲ ਵਧਣ ਲੱਗ ਗਈ ਸੀ। ਇਸ ਲਈ ਪ੍ਰਿੰਸ ਹਾਈਵੇਅ ਨੂੰ ਬੰਦ ਕਰਨਾ ਪਿਆ, ਇਹ ਹਾਈਵੇਅ ਟਰਮੀਲ ਅਤੇ ਦਿ ਕਿੰਗਜ਼ ਹਾਈਵੇਅ ਵਿਚਕਾਰ ਹੈ। ਓਧਰ ਹੰਟਰ ਵੈਲੀ ਨੇੜੇ ਝਾੜੀਆਂ ਦੀ ਅੱਗ ਕਾਰਨ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਤੇ ਇਸ ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਅਜੇ ਪਛਾਣ ਨਹੀਂ ਕੀਤੀ ਜਾ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਜਦ ਉਹ ਕੁਰੀ-ਕੁਰੀ ਨੇੜਲੇ ਖੇਤਰ 'ਚ ਪੁੱਜੇ ਤਾਂ ਇੱਥੇ ਇਕ ਕਾਰ ਅੱਗ ਦੀਆਂ ਲਪਟਾਂ 'ਚ ਘਿਰੀ ਹੋਈ ਸੀ ਤੇ ਇਸ ਦਾ ਡਰਾਈਵਰ ਬੁਰੀ ਤਰ੍ਹਾਂ ਝੁਲਸ ਕੇ ਮਰ ਚੁੱਕਾ ਸੀ।