ਹੁਣ ਇਸ ਦੇਸ਼ ''ਚ ਬੌਸ ਦੀ ਤਨਖਾਹ ਤੈਅ ਕਰਨਗੇ ਕਰਮਚਾਰੀ!

08/30/2017 11:40:16 AM

ਬ੍ਰਿਟੇਨ— ਬ੍ਰਿਟੇਨ ਵਿਚ ਬੌਸ ਅਤੇ ਕਰਮਚਾਰੀਆਂ ਦੀ ਤਨਖਾਹ ਵਿਚ ਭਾਰੀ ਅੰਤਰ ਨੂੰ ਘੱਟ ਕਰਨ ਲਈ ਬ੍ਰਿਟੀਸ਼ ਸਰਕਾਰ ਨੇ ਇਕ ਸੁਧਾਰ ਦਾ ਪ੍ਰਸਤਾਵ ਪੇਸ਼ ਕੀਤਾ ਹੈ । ਮੰਗਲਵਾਰ ਨੂੰ ਪੇਸ਼ ਕੀਤੇ ਗਏ ਇਸ ਪ੍ਰਸਤਾਵ ਦੇ ਸੰਸਦ ਵੱਲੋਂ ਪਾਸ ਹੋ ਜਾਣ ਉੱਤੇ ਬੌਸ ਦੀ ਤਨਖਾਹ ਤੈਅ ਕਰਨ ਵਿਚ ਕਰਮਚਾਰੀਆਂ ਦੀ ਰਾਏ ਵੀ ਮਹੱਤਵਪੂਰਣ ਹੋ ਜਾਵੇਗੀ ।  
ਪ੍ਰਧਾਨ ਮੰਤਰੀ ਟੇਰੀਜਾ ਮੇ ਦੀ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਦੀ ਬਹੁਤ ਜ਼ਿਆਦਾ ਤਨਖਾਹ ਦੇ ਪ੍ਰਤੀ ਕਰਮਚਾਰੀਆਂ ਦੇ ਵਧਦੇ ਗ਼ੁੱਸੇ ਨੂੰ ਦੇਖਦੇ ਹੋਏ ਪਿਛਲੇ ਸਾਲ ਤੋਂ ਹੀ ਇਸ ਸੁਧਾਰ ਉੱਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ । ਜੇਕਰ ਇਹ ਮਹੱਤਵਪੂਰਨ ਪ੍ਰਸਤਾਵ ਸੰਸਦ ਵੱਲੋਂ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਬਣ ਜਾਵੇਗਾ । 
ਇਸ ਤੋਂ ਬਾਅਦ ਸੂਚੀਬੱਧ ਕੰਪਨੀਆਂ ਨੂੰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਨੂੰ ਜਨਤਕ ਕਰਨਾ ਹੋਵੇਗਾ। ਉਥੇ ਹੀ ਇਕ ਅਜਿਹਾ ਜਨਤਕ ਰਜਿਸਟਰ ਤਿਆਰ ਕੀਤਾ ਜਾਵੇਗਾ ਜਿਸ ਵਿਚ ਉਨ੍ਹਾਂ ਕੰਪਨੀਆਂ ਦਾ ਨਾਂ ਦਰਜ ਹੋਵੇਗਾ ਜੋ 20 ਫੀਸਦੀ ਕਰਮਚਾਰੀਆਂ ਦੇ ਵਿਰੋਧ ਤੋਂ ਬਾਅਦ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਭੇਦਭਾਵ ਰੱਖਣ ਵਾਲੀ ਤਨਖਾਹ ਨੀਤੀ ਲਾਗੂ ਕਰੇਗੀ। 
ਅਜਿਹੀ ਉਮੀਦ ਹੈ ਕਿ ਰਜਿਸਟਰ ਵਿਚ ਦਰਜ ਹੋਣ ਨਾਲ ਨਕਾਰਾਤਮਕ ਪ੍ਰਚਾਰ ਤੋਂ ਡਰ ਕੇ ਕੰਪਨੀਆਂ ਕਰਮਚਾਰੀਆਂ ਦੇ ਹਿਸਾਬ ਨਾਲ ਤਨਖਾਹ ਨੂੰ ਤੈਅ ਕਰਨ ਵਿਚ ਉਤਸ਼ਾਹ ਦਿਖਾਏਗੀ। ਇਸ ਤੋਂ ਪਹਿਲਾਂ ਨਵੰਬਰ ਵਿਚ ਅਧਿਕਾਰੀਆਂ ਦੀ ਤਨਖਾਹ ਉੱਤੇ ਕਰਮਚਾਰੀਆਂ ਨੂੰ ਵੀਟੋ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ 'ਚ ਰੱਦ ਕਰ ਦਿੱਤਾ ਗਿਆ ਸੀ । ਦਰਅਸਲ ਇਸ ਸੁਧਾਰ ਜ਼ਰੀਏ ਸਰਕਾਰ ਸੂਚੀਬੱਧ ਕੰਪਨੀਆਂ ਦੇ ਬੋਰਡ ਵਿਚ ਕਰਮਚਾਰੀਆਂ ਦੀ ਨੁਮਾਇੰਦਗੀ ਵਧਾਉਣਾ ਚਾਹੁੰਦੀ ਹੈ । ਹਾਲਾਂਕਿ ਇਹ ਪ੍ਰਸਤਾਵ ਕਰਮਚਾਰੀਆਂ ਦੀ ਅਵਾਜ਼ ਚੁੱਕਣ ਲਈ ਕੰਪਨੀਆਂ ਨੂੰ ਇਕ ਕਰਮਚਾਰੀ ਪ੍ਰਤੀਨਿੱਧੀ ਜਾਂ ਇਕ ਗੈਰ ਕਾਰਜਕਾਰੀ ਨਿਦੇਸ਼ਕ ਨਿਯੁਕਤ ਕਰਨ ਸਮੇਤ ਕਈ ਵਿਕਲਪ ਦੇਵੇਗਾ ।