ਬਿੱਲ ਗੇਟਸ ਨੂੰ ਪਿੱਛੇ ਛੱਡ ਬਰਨਾਰਡ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ

07/17/2019 3:44:52 PM

ਵਾਸ਼ਿੰਗਟਨ— ਬਿੱਲ ਗੇਟਸ ਤੋਂ ਉਨ੍ਹਾਂ ਦਾ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਰੁਤਬਾ ਖੁਸ ਗਿਆ ਹੈ। ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਰਨਾਰਡ ਅਰਨਾਲਟ (70) ਬਣ ਗਏ ਹਨ। ਲਗਜ਼ਰੀ ਗੁਡਸ ਕੰਪਨੀ ਐੱਲ.ਵੀ.ਐੱਮ.ਐੱਚ. ਦੇ ਚੇਅਰਮੈਨ ਬਰਨਾਰਡ ਦੀ ਨੈੱਟਵਰਥ 7.45 ਲੱਖ ਕਰੋੜ ਰੁਪਏ ਹੋ ਗਈ ਹੈ। ਮਾਈਕ੍ਰੋਸਾਫਟ ਦੇ ਕੋ-ਫਾਉਂਡਰ ਬਿੱਲ ਗੇਟਸ ਹੁਣ ਅਮੀਰੀ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਆ ਗਏ ਹਨ। 

ਬਰਨਾਰਡ ਦੀ ਕੰਪਨੀ ਐੱਲ.ਵੀ.ਐੱਮ.ਐੱਚ. ਦੇ ਸ਼ੇਅਰਾਂ 'ਚ 1.38 ਫੀਸਦੀ ਦੀ ਤੇਜ਼ੀ ਆਉਣ ਨਾਲ ਮੰਗਲਵਾਰ ਨੂੰ ਉਨ੍ਹਾਂ ਦੀ ਨੈੱਟਵਰਥ 108 ਅਰਬ ਡਾਲਰ (7.45 ਲੱਖ ਕਰੋੜ ਰੁਪਏ) ਹੋ ਗਈ ਹੈ। ਜਦਕਿ ਬਿੱਲ ਗੇਟਸ ਦੀ ਨੈੱਟਵਰਥ 107 ਅਰਬ ਡਾਲਰ (7.38 ਲੱਖ ਕਰੋੜ ਰੁਪਏ) ਹੈ। ਗੇਟਸ ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਸੱਤ ਸਾਲ 'ਚ ਪਹਿਲੀ ਵਾਰ ਤੀਜੇ ਨੰਬਰ 'ਤੇ ਆਏ ਹਨ। ਇਸ 'ਚ ਸ਼ਾਮਲ ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ ਹਰ ਰੋਜ਼ ਅਮਰੀਕੀ ਸ਼ੇਅਰ ਬਜ਼ਾਰ ਬੰਦ ਹੋਣ ਤੋਂ ਬਾਅਦ ਅਪਡੇਟ ਕੀਤੀ ਜਾਂਦੀ ਹੈ।

ਇੰਡੈਕਸ ਦੇ ਮੁਤਾਬਕ ਇਸ ਸਾਲ ਬਰਨਾਰਡ ਦੀ ਨੈੱਟਵਰਥ 'ਚ ਸਭ ਤੋਂ ਜ਼ਿਆਦਾ 39 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਰਨਾਰਡ ਦੀ ਨੈੱਟਵਰਥ ਫ੍ਰਾਂਸ ਦੀ ਜੀ.ਡੀ.ਪੀ. ਦੇ 3 ਫੀਸਦੀ ਦੇ ਬਰਾਬਰ ਹੈ। ਬੀਤੇ ਮਹੀਨੇ ਬਰਨਾਰਡ ਸੈਂਟੀਬਿਲੇਨੀਅਰ ਕੈਂਪ 'ਚ ਸ਼ਾਮਲ ਹੋਏ ਸਨ। ਜਿਸ 'ਚ ਦੁਨੀਆ ਦੇ ਸਿਰਫ ਤਿੰਨ ਵਿਅਕਤੀ ਹਨ- ਜੈੱਫ ਬੇਜੋਸ, ਬਿੱਲ ਗੇਟਸ ਤੇ ਬਰਨਾਰਡ ਅਰਨਾਲਟ।

Baljit Singh

This news is Content Editor Baljit Singh