ਨੋਵਾ ਸਕੋਟੀਆ 'ਚ ਧੀ ਨੂੰ ਸਕੂਲ ਛੱਡਣ ਗਈ ਮਾਂ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ

01/13/2018 12:03:56 PM

ਨੋਵਾ ਸਕੋਟੀਆ— ਕੈਨੇਡਾ ਦੇ ਸੂਬੇ ਨੋਵਾ ਸਕੋਟੀਆ 'ਚ ਇਕ ਬੇਕਾਬੂ ਕਾਰ ਨੇ ਔਰਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਹ ਘਟਨਾ ਨੋਵਾ ਸਕੋਟੀਆ ਦੇ ਟਾਪੂ ਕੈਪ ਬਰੈਟਨ 'ਚ ਵਾਪਰੀ। ਔਰਤ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਕਾਰ ਦੇ ਡਰਾਈਵਰ 'ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਘਟਨਾ ਵੀਰਵਾਰ ਸਵੇਰ ਦੀ ਹੈ, ਜਦੋਂ ਐਂਜਲਿਕ ਸਵਾਨ ਨਾਂ ਦੀ 36 ਸਾਲਾ ਔਰਤ ਆਪਣੀ ਧੀ ਨਾਲ ਬੱਸ ਸਟੌਪ 'ਤੇ ਖੜ੍ਹੀ ਸੀ। ਉਹ ਆਪਣੀ ਧੀ ਨੂੰ ਸਕੂਲ ਛੱਡਣ ਲਈ ਸਕੂਲੀ ਬੱਸ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਮਾਂ ਆਪਣੀ ਧੀ ਸਟੇਲਾ ਨੂੰ ਬਚਾਉਣ 'ਚ ਸਫਲ ਰਹੀ। ਔਰਤ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਛਾਤੀ ਅਤੇ ਮੱਥੇ 'ਤੇ ਗੰਭੀਰ ਸੱਟਾਂ ਲੱਗੀਆਂ। ਸਵਾਨ ਦੇ ਪਤੀ ਨੇ ਦੱਸਿਆ ਕਿ ਉਹ ਕਿਸਮਤ ਵਾਲੀ ਹੈ। ਗੰਭੀਰ ਸੱਟਾਂ ਕਾਰਨ ਉਸ ਨੂੰ ਲਕਵਾ ਹੋ ਸਕਦਾ ਸੀ।
ਸਵਾਨ ਦੇ ਪਤੀ ਜੌਸਨ ਨੇ ਕਿਹਾ ਕਿ ਉਸ ਨੇ ਸਟੇਲਾ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਬਚ ਗਈ ਅਤੇ ਹਾਦਸੇ 'ਚ ਉਨ੍ਹਾਂ ਦਾ ਪਾਲਤੂ ਕੁੱਤਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ, ਉਸ ਦੌਰਾਨ ਹੋਰ ਬੱਚੇ ਵੀ ਸਕੂਲੀ ਬੱਸ ਦੀ ਉਡੀਕ 'ਚ ਖੜ੍ਹੇ ਸਨ, ਜੋ ਕਿ ਸੁਰੱਖਿਅਤ ਹਨ। ਜੌਸਨ ਨੇ ਕਿਹਾ ਕਿ ਡਰਾਈਵਰਾਂ ਨੂੰ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਲੋੜ ਹੈ, ਕਿਉਂਕਿ ਕੈਨੇਡਾ 'ਚ ਇਸ ਸਮੇਂ ਬਰਫਬਾਰੀ ਹੋ ਰਹੀ ਹੈ। ਕਾਰ ਦੇ ਡਰਾਈਵਰ 'ਤੇ ਲਾਪ੍ਰਵਾਹੀ ਨਾਲ ਕਾਰ ਚਲਾਉਣ, ਔਰਤ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉੱਥੇ ਮੌਜੂਦ ਸੀ। ਕਾਰ ਦੇ ਡਰਾਈਵਰ ਨੇ ਔਰਤ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।