ਉੱਤਰੀ ਆਇਰਲੈਂਡ ''ਚ ਘਟੇਗਾ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਵਿਚਕਾਰਲਾ ਸਮਾਂ

06/11/2021 3:43:09 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਤਹਿਤ ਵਾਇਰਸ ਤੋਂ ਪੂਰੀ ਤਰ੍ਹਾਂ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਦੀਆਂ ਦੋ ਖੁਰਾਕਾਂ ਲਗਵਾਉਣੀਆਂ ਜ਼ਰੂਰੀ ਹਨ। ਇਹ ਖੁਰਾਕਾਂ ਕੁਝ ਹਫ਼ਤਿਆਂ ਦੇ ਅੰਤਰ ਨਾਲ ਦਿੱਤੀਆਂ ਜਾਂਦੀਆਂ ਹਨ। ਇਸੇ ਸਬੰਧੀ ਉੱਤਰੀ ਆਇਰਲੈਂਡ ਕੋਵਿਡ-19 ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰਲੇ ਸਮੇਂ ਨੂੰ ਘੱਟ ਕਰ ਰਿਹਾ ਹੈ। 

ਮੌਜੂਦਾ ਸਮੇਂ ਉੱਤਰੀ ਆਇਰਲੈਂਡ ਵਿੱਚ ਆਕਸਫੋਰਡ/ਐਸਟਰਾਜ਼ੈਨੇਕਾ ਅਤੇ ਫਾਈਜ਼ਰ/ਬਾਇਓਨਟੈਕ ਦੀਆਂ ਦੋ ਖੁਰਾਕਾਂ ਵਿੱਚ ਲੱਗਭਗ 10 ਤੋਂ 12 ਹਫ਼ਤਿਆਂ ਦਾ ਅੰਤਰ ਰੱਖਿਆ ਜਾਂਦਾ ਹੈ। ਸਿਹਤ ਵਿਭਾਗ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਸ ਸਮੇਂ ਨੂੰ ਹੁਣ ਘੱਟ ਕਰਕੇ ਵੱਧ ਤੋਂ ਵੱਧ ਅੱਠ ਹਫ਼ਤਿਆਂ ਤੱਕ ਕੀਤਾ ਜਾਵੇਗਾ। ਸਿਹਤ ਮਾਹਰਾਂ ਅਨੁਸਾਰ ਸਰਕਾਰ ਵੱਲੋਂ ਇਹ ਕਦਮ ਵਾਇਰਸ ਦੇ ਡੈਲਟਾ ਜਾਂ ਭਾਰਤੀ ਰੂਪ ਦੇ ਮਾਮਲਿਆਂ ਵਿੱਚ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ

ਸਿਹਤ ਮਾਹਰ ਮੰਨਦੇ ਹਨ ਕਿ ਟੀਕੇ ਦੀ ਪਹਿਲੀ ਖੁਰਾਕ ਇਸਦੇ ਵਿਰੁੱਧ ਸਿਰਫ 30% ਪ੍ਰਭਾਵਸ਼ਾਲੀ ਹੈ, ਜਦੋਂ ਕਿ ਦੂਜੀ ਖੁਰਾਕ ਲੱਗਭਗ 80% ਤੱਕ ਸੁਰੱਖਿਆ ਦਿੰਦੀ ਹੈ। ਇਸ ਲਈ ਜਿਨ੍ਹਾਂ ਨੂੰ ਅਜੇ ਟੀਕਾ ਨਹੀਂ ਲਗਾਇਆ ਗਿਆ ਹੈ, ਦੂਜੀ ਖੁਰਾਕ ਲਈ ਅਪਾਇੰਟਮੈਂਟਸ ਦਾ ਸਮਾਂ ਪਹਿਲੀ ਖੁਰਾਕ ਤੋਂ ਅੱਠ ਹਫ਼ਤਿਆਂ ਬਾਅਦ ਤਹਿ ਕੀਤਾ ਜਾਵੇਗਾ, ਜਦਕਿ ਜਿਨ੍ਹਾਂ ਨੇ ਪਹਿਲਾਂ ਹੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲਈ ਹੈ, ਦੂਜੀ ਖੁਰਾਕਾਂ ਲਈ ਨਿਰਧਾਰਤ ਮੁਲਾਕਾਤਾਂ ਪ੍ਰਭਾਵਿਤ ਨਹੀਂ ਹੋਣਗੀਆਂ। ਸਿਹਤ ਵਿਭਾਗ ਅਨੁਸਾਰ ਇਹ ਕਦਮ ਟੀਕਾਕਰਨ ਪ੍ਰੋਗਰਾਮ ਨੂੰ ਤੇਜ਼ ਕਰੇਗਾ ਅਤੇ ਕੋਰੋਨਾ ਵਾਇਰਸ ਦੇ ਵੇਰੀਐਂਟਜ਼ ਤੋਂ ਸੁਰੱਖਿਆ ਵੀ ਪ੍ਰਦਾਨ ਕਰੇਗਾ।

Vandana

This news is Content Editor Vandana