ਸਕੂਲ ਖੋਲ੍ਹ ਕੇ ਗਲਤੀ ਤਾਂ ਨਹੀਂ ਕਰ ਬੈਠਾ ਕੈਨੇਡਾ, ਕਈ ਵਿਦਿਆਰਥੀ ਹੋਏ ਕੋਰੋਨਾ ਦੇ ਸ਼ਿਕਾਰ

10/05/2020 11:40:55 AM

ਟੋਰਾਂਟੋ- ਕੈਨੇਡਾ ਦੇ ਉੱਤਰੀ ਯਾਰਕ ਇਲਾਕੇ ਵਿਚ ਕੋਰੋਨਾ ਵਾਇਰਸ ਦੀ ਦਸਤਕ ਮਗਰੋਂ ਮਾਹੌਲ ਚਿੰਤਾਜਨਕ ਹੋ ਗਿਆ ਹੈ ਤੇ ਹੁਣ ਇੱਥੋਂ ਦੇ ਨਾਰਥ ਯਾਰਕ ਕੈਥੋਲਿਕ ਸਕੂਲ ਨੂੰ ਕੁਝ ਸਮੇਂ ਲਈ ਬੰਦ ਰੱਖਣ ਦੀ ਯੋਜਨਾ ਬਣਾਈ ਗਈ ਹੈ। ਵਾਰ-ਵਾਰ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਮਿਲਣ 'ਤੇ ਮਾਪੇ ਪੁੱਛ ਰਹੇ ਹਨ ਕਿ ਕਿਤੇ ਕੈਨੇਡਾ ਸਕੂਲ ਖੋਲ੍ਹ ਕੇ ਗਲਤੀ ਤਾਂ ਨਹੀਂ ਕਰ ਬੈਠਾ। ਕਈ ਵਿਦਿਆਰਥੀ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਕਈਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਅਜਿਹੇ ਵਿਚ ਵੀ ਤਾਂ ਵਿਦਿਆਰਥੀ ਦੀ ਪੜ੍ਹਾਈ ਪ੍ਰਭਾਵਿਤ ਹੋ ਹੀ ਰਹੀ ਹੈ। 
ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਸਟਾਫ ਤੇ ਵਿਦਿਆਰਥੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਮਿਲਣ ਮਗਰੋਂ ਇਹ ਫੈਸਲਾ ਲਿਆ ਗਿਆ ਹੈ। ਟੋਰਾਂਟੋ ਦੇ ਕੁਝ ਸਕੂਲ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। 

ਟੋਰਾਂਟੋ ਕੈਥੋਲਿਕ ਜ਼ਿਲ੍ਹਾ ਸਕੂਲ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਸੈਂਟ ਚਾਰਲਸ ਕੈਥੋਲਿਕ ਸਕੂਲ ਜੋ ਕਿ ਡੁਰਫਿਨ ਸਟਰੀਟ ਅਤੇ ਲਾਰੈਂਸ ਐਵੇਨਿਊ ਵੈੱਸਟ ਵਿਚ ਸਥਿਤ ਹੈ, ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ। ਬੋਰਡ ਨੇ ਟਵੀਟ ਕਰਦਿਆਂ ਕਿਹਾ ਕਿ ਸਕੂਲ 5 ਅਕਤੂਬਰ ਤੋਂ 9 ਅਕਤੂਬਰ ਤੱਕ ਬੰਦ ਰੱਖਿਆ ਜਾਵੇਗਾ। ਇਸ ਦੇ ਬਾਅਦ ਹਾਲਾਤਾਂ ਨੂੰ ਦੇਖਦੇ ਹੋਏ ਫੈਸਲੇ ਨੂੰ ਬਦਲਿਆ ਜਾ ਸਕਦਾ ਹੈ। 

ਬੋਰਡ ਮੁਤਾਬਕ ਸੈਂਟ ਡੈਮੇਟਰੀਅਸ ਕੈਥੋਲਿਕ ਸਕੂਲ, ਸੈਂਟ ਮਾਰਕ ਕੈਥੋਲਿਕ ਸਕੂਲ, ਸੈਂਟ ਰੋਚ ਕੈਥੋਲਿਕ ਸਕੂਲ ਅਤੇ ਸੈਂਟ ਉਰਸੁਲਾ ਕੈਥੋਲਿਕ ਸਕੂਲ ਵਿਚ ਕੁਝ ਸਟਾਫ ਮੈਂਬਰ ਤੇ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਿਪੋਰਟ ਮੁਤਾਬਕ 35 ਵਿਦਿਆਰਥੀ ਤੇ 5 ਸਟਾਫ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਕਾਰਬੋਹ ਵਿਚ ਵੀ ਇਕ ਸਕੂਲ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਕੋਰੋਨਾ ਦੇ ਮਾਮਲੇ ਮਿਲਣ ਮਗਰੋਂ ਥੋੜ੍ਹੀ ਦੇਰ ਲਈ ਬੰਦ ਕੀਤਾ ਗਿਆ ਸੀ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਕੈਨੇਡਾ ਨੇ ਕੋਰੋਨਾ ਸੰਕਟ ਦੌਰਾਨ ਸਕੂਲ ਖੋਲ੍ਹ ਕੇ ਕਿਤੇ ਗਲਤੀ ਤਾਂ ਨਹੀਂ ਕਰ ਲਈ। 

Lalita Mam

This news is Content Editor Lalita Mam