ਉੱਤਰੀ ਕੋਰੀਆ ਤੇ ਅਮਰੀਕਾ ਦੇ ਰਿਸ਼ਤਿਆਂ ''ਚ ਆਈ ਤਰੇੜ, ''ਕਾਰਗੋ ਜਹਾਜ਼'' ਬਣੇ ਕਾਰਨ

05/15/2019 10:33:00 AM

ਸਿਓਲ— ਉੱਤਰੀ ਕੋਰੀਆ ਨੇ ਕੌਮਾਂਤਰੀ ਵਪਾਰ ਨੂੰ ਲੈ ਕੇ ਲੱਗੀਆਂ ਰੋਕਾਂ ਤੋੜਨ ਦੇ ਮਾਮਲੇ 'ਚ ਅਮਰੀਕਾ ਵਲੋਂ ਫੜੇ ਗਏ ਆਪਣੇ ਕਾਰਗੋ ਜਹਾਜ਼ਾਂ ਨੂੰ ਤੁਰੰਤ ਛੱਡਣ ਦੀ ਮੰਗ ਕੀਤੀ ਹੈ। ਉੱਤਰੀ ਕੋਰੀਆ ਨੇ ਕਿਹਾ ਕਿ ਅਮਰੀਕਾ ਦੀ ਇਹ ਹਰਕਤ ਦੋਹਾਂ ਦੇਸ਼ਾਂ ਦੇ ਰਾਸ਼ਟਰਾਂ ਦੇ ਮੁਖੀਆਂ ਵਿਚਕਾਰ ਪਿਛਲੇ ਸਾਲ ਹੋਏ ਸਮਝੌਤੇ ਦਾ ਉਲੰਘਣ ਹੈ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ,''ਇਸ ਕਾਰਵਾਈ ਨਾਲ ਸਾਫ ਹੈ ਕਿ ਅਮਰੀਕਾ ਕਿਸੇ ਵੀ ਕੀਮਤ 'ਤੇ ਉੱਤਰੀ ਕੋਰੀਆ ਨੂੰ ਗੋਡਿਆਂ 'ਤੇ ਲਿਆਉਣਾ ਚਾਹੁੰਦਾ ਹੈ। ਅਮਰੀਕਾ ਨੂੰ ਆਪਣੇ ਇਸ ਅਪਰਾਧ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਹੁਣ ਅਸੀਂ ਅਮਰੀਕਾ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਾਂਗੇ।''

ਅਮਰੀਕਾ ਦੇ ਨਿਆਂ ਵਿਭਾਗ ਨੇ ਪਿਛਲੇ ਹਫਤੇ ਕਿਹਾ ਸੀ ਕਿ ਯੂ. ਐੱਨ. ਰੋਕਾਂ ਦੇ ਉਲੰਘਣ 'ਤੇ ਉੱਤਰੀ ਕੋਰੀਆ ਦੇ ਇਕ ਵਿਸ਼ਾਲ ਕਾਰਗੋ ਜਹਾਜ਼ ਵਾਈਜ਼ ਆਨੇਸਟ ਨੂੰ ਜ਼ਬਤ ਕਰ ਲਿਆ ਗਿਆ ਹੈ। 17 ਹਜ਼ਾਰ ਟਨ ਵਜ਼ਨੀ ਇਸ ਜਹਾਜ਼ 'ਤੇ ਕੋਲਾ ਲੱਦਿਆ ਹੈ। ਪ੍ਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਇਲਾਂ ਦੇ ਪ੍ਰੀਖਣ ਦੇ ਚੱਲਦਿਆਂ ਯੂ. ਐੱਨ. ਨੇ ਉੱਤਰੀ ਕੋਰੀਆ 'ਤੇ ਰੋਕਾਂ ਲਗਾਈਆਂ ਸਨ। ਇਨ੍ਹਾਂ 'ਚ ਕੋਲੇ ਨਾਲ ਜੁੜੇ ਵਪਾਰ 'ਤੇ ਰੋਕ ਵੀ ਸ਼ਾਮਲ ਹੈ।