ਉੱਤਰੀ ਕੋਰੀਆ ਨੇ ਨਵੇਂ ਰਾਕੇਟ ਲਾਂਚਰ ਦਾ ਪ੍ਰੀਖਣ, ਫਿਰ ਤੋੜਿਆ ਨਿਯਮ

08/01/2019 12:36:37 PM

ਸਿਓਲ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਦੀ ਅਗਵਾਈ 'ਚ ਨਵੇਂ ਰਾਕੇਟ ਲਾਂਚਰ ਦਾ ਪ੍ਰੀਖਣ ਕੀਤਾ ਗਿਆ ਜੋ ਇਕੋ ਸਮੇਂ ਕਈ ਰਾਕੇਟ ਦਾਗ ਸਕਦਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਕਮੇਟੀ ਨੇ ਦੱਸਿਆ ਕਿ ਕਿਮ ਦੀ ਅਗਵਾਈ 'ਚ 31 ਜੁਲਾਈ ਨੂੰ ਇਕ ਅਜਿਹੀ ਰਾਕੇਟ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ, ਜਿਸ ਨਾਲ ਕਈ ਰਾਕੇਟ ਇਕੱਠੇ ਦਾਗੇ ਜਾ ਸਕਦੇ ਹਨ। ਦੱਖਣੀ ਕੋਰੀਆਈ ਫੌਜ ਨੇ ਬੁੱਧਵਾਰ ਨੂੰ ਦੱਸਿਆ ਕਿ ਉੱਤਰੀ ਕੋਰੀਆ ਦੇ ਪੂਰਬੀ ਤਟ 'ਤੇ ਦੋ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ।

ਕਿਮ ਨੇ ਪ੍ਰੀਖਣ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਵਿਗਿਆਨ ਅਤੇ ਯੁੱਧ ਸਮੱਗਰੀ ਉਦਯੋਗ ਕਰਮਚਾਰੀਆਂ ਦੀ ਸਿਫਤ ਕੀਤੀ। ਜਿਨ੍ਹਾਂ ਨੇ ਕੋਰੀਆਈ ਸ਼ੈਲੀ ਦੇ ਇਕ ਹੋਰ ਸ਼ਾਨਦਾਰ  ਰਾਕੇਟ ਲਾਂਚਰ ਦਾ ਨਿਰਮਾਣ ਕੀਤਾ ਹੈ, ਜਿਸ ਨਾਲ ਕਈ ਰਾਕੇਟ ਇਕੱਠੇ ਦਾਗੇ ਜਾ ਸਕਦੇ ਹਨ।'' ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉੁੱਤਰੀ ਕੋਰੀਆ ਦੇ ਬੈਲਿਸਟਿਕ ਮਿਜ਼ਾਇਲ ਪ੍ਰੀਖਣ 'ਤੇ ਰੋਕ ਲਗਾ ਕੇ ਰੱਖੀ ਹੈ ਪਰ ਉਸ ਨੇ ਇਕ ਵਾਰ ਫਿਰ ਇਸ ਦਾ ਉਲੰਘਣ ਕੀਤਾ। ਇਕ ਹਫਤੇ ਦੇ ਅੰਦਰ ਕੀਤਾ ਗਿਆ ਇਹ ਦੂਜਾ ਉਲੰਘਣ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਪਿਛਲੇ ਮਹੀਨੇ ਹੋਈ ਗੱਲਬਾਤ ਦੇ ਬਾਵਜੂਦ ਪਿਯੋਂਗਯਾਂਗ ਨੇ ਇਹ ਕਦਮ ਚੁੱਕਿਆ।

ਜ਼ਿਕਰਯੋਗ ਹੈ ਕਿ ਪਿਯੋਂਗਯਾਂਗ ਨੇ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਸੰਯੁਕਤ ਫੌਜੀ ਮੁਹਿੰਮ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਦੋਹਾਂ ਦੇਸ਼ਾਂ ਨੇ ਇਸ ਦੇ ਬਾਵਜੂਦ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਉੱਤਰੀ ਕੋਰੀਆ ਦੇ ਹਾਲੀਆ ਬੈਲਿਸਟਿਕ ਮਿਜ਼ਾਇਲ ਪ੍ਰੀਖਣਾਂ 'ਤੇ ਬੰਦ ਕਮਰੇ 'ਚ ਚਰਚਾ ਕਰੇਗਾ।