''ਉੱਤਰੀ ਕੋਰੀਆ ''ਚ ਕੈਦੀਆਂ ਦੀਆਂ ਲਾਸ਼ਾਂ ਦੀ ਖਾਦ ਨਾਲ ਹੋ ਰਹੀ ਖੇਤੀ''

03/31/2020 6:58:31 PM

ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਤੋਂ ਇਕ ਸਨਸਨੀਖੇਜ਼ ਅਤੇ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਉੱਤਰੀ ਕੋਰੀਆ ਦੇ ਇਕ ਸਾਬਕਾ ਕੈਦੀ ਨੇ ਦਾਅਵਾ ਕੀਤਾ ਹੈ ਕਿ ਇੱਥੇ ਰਾਜਨੀਤਕ ਕੈਦੀਆਂ ਦੀਆਂ ਲਾਸ਼ਾਂ ਤੋਂ ਖਾਦ ਬਣਾ ਕੇ ਉਸ ਨਾਲ ਫੌਜ ਦੇ ਜਵਾਨਾਂ ਲਈ ਫਸਲਾਂ ਉਗਾਈਆਂ ਜਾ ਰਹੀਆਂ ਹਨ।

ਡੇਲੀ ਮੇਲ ਦੀ ਖਬਰ ਦੇ ਮੁਤਾਬਕ ਉੱਤਰੀ ਕੋਰੀਆ ਦੇ ਕੇਚਿਯਾਨ ਕੈਂਪ ਵਿਚ ਕੈਦ ਰਹੀ ਇਕ ਮਹਿਲਾ ਕੈਦੀ ਕਿਮ ਇਲ ਸੂਨ ਨੇ ਦੱਸਿਆ ਕਿ ਕੇਚਿਯਾਨ ਕੈਂਪ ਇਕ ਇਕਾਗਰਤਾ ਕੈਂਪ (Concentration camp) ਹੈ। ਇਹ ਕੈਂਪ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਤੋਂ ਉੱਤਰ ਵਿਚ ਸਥਿਤ ਹੈ। ਇੱਥੇ ਕੈਦੀਆਂ ਨੂੰ ਜਿਹੜੇ ਤਸੀਹ ਦਿੱਤੇ ਜਾਂਦੇ ਹਨ ਉਸ ਤਰ੍ਹਾਂ ਦੇ ਕਿਤੇ ਹੋਰ ਨਹੀਂ ਦਿੱਤੇ ਜਾਂਦੇ ਹੋਣਗੇ ਸੂਨ ਨੇ ਦੱਸਿਆ,''ਪਹਾੜੀ ਇਲਾਕਿਆਂ ਵਿਚ ਫਸਲਾਂ ਉਗ ਨਹੀਂ ਰਹੀਆਂ ਸਨ। ਉਦੋਂ ਕਿਸੇ ਨੇ ਸਲਾਹ ਦਿੱਤੀ ਕਿ ਮਾਰੇ ਗਏ ਕੈਦੀਆਂ ਦੀਆਂ ਲਾਸ਼ਾਂ ਤੋਂ ਖਾਦ ਬਣਾ ਕੇ ਪਾਉਣ ਨਾਲ ਫਸਲਾਂ ਚੰਗੀਆਂ ਹੋਣਗੀਆਂ। ਇਸ ਦੇ ਬਾਅਦ ਤੋਂ ਇਹ ਪਰੰਪਰਾ ਚਾਲੂ ਹੋ ਗਈ। ਫਸਲਾਂ ਚੰਗੀਆਂ ਹੋਣ ਲੱਗੀਆਂ ਤਾਂ ਕੈਦੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਤੋਂ ਖਾਦ ਬਣਾਈ ਜਾਣ ਲੱਗੀ।''

ਇਸ ਕੈਦੀ ਦਾ ਬਿਆਨ ਉਦੋਂ ਆਇਆ ਹੈ ਜਦੋਂ ਉੱਤਰੀ ਕੋਰੀਆ ਅੰਤਰਰਾਸ਼ਟਰੀ ਪੱਧਰ 'ਤੇ ਹਰ ਪਾਸੇ ਅਲੱਗ-ਥਲੱਗ ਪਿਆ ਹੈ। ਪੂਰੀ ਦੁਨੀਆ ਉੱਤਰੀ ਕੋਰੀਆ ਦੇ ਮਿਜ਼ਾਈਲ ਪਰੀਖਣਾਂ ਕਾਰਨ ਨਾਰਾਜ਼ ਹੈ ਕਿਉਂਕਿ ਉਸ ਨੇ ਪਿਛਲੇ ਇਕ ਮਹੀਨੇ ਵਿਚ 4 ਪਰੀਖਣ ਕੀਤੇ ਹਨ।

ਸੂਨ ਨੇ ਅੱਗੇ ਦੱਸਿਆ,''ਹੁਣ ਕੇਚਿਯਾਨ ਕੈਂਪ ਦੇ ਨੇੜਲੀ ਜ਼ਮੀਨ ਬਹੁਤ ਉਪਜਾਊ ਹੋ ਚੁੱਕੀ ਹੈ ਕਿਉਂਕਿ ਖੇਤਾਂ ਵਿਚ ਲਾਸ਼ਾਂ ਨੂੰ ਖਾਦ ਦੇ ਤੌਰ 'ਤੇ ਦਫਨਾਇਆ ਗਿਆ ਹੈ। ਇਹ ਲਾਸ਼ਾਂ ਕੁਦਰਤੀ ਖਾਦ ਦਾ ਕੰਮ ਕਰ ਰਹੀਆਂ ਹਨ।'' ਸੂਨ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਫੌਜੀਆਂ ਨੂੰ ਇਸ ਗੱਲ ਦੀ ਵੀ ਟਰੇਨਿੰਗ ਦਿੱਤੀ ਜਾ ਰਹੀ ਹੈ ਕਿ ਕਿੰਨੀ ਦੂਰੀ 'ਤੇ ਅਤੇ ਕਿਹੜੇ ਤਰੀਕੇ ਨਾਲ ਲਾਸ਼ਾਂ ਨੂੰ ਦਫਨਾਉਣਾ ਹੈ, ਜਿਸ ਨਾਲ ਲਾਸ਼ਾਂ ਖਾਦ ਬਣ ਸਕਣ ਅਤੇ ਫਸਲਾਂ ਨੂੰ ਫਾਇਦਾ ਮਿਲ ਸਕੇ। 

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! ਹੁਣ ਕੋਰੋਨਾ ਜਵਾਨ, ਸਿਹਤਮੰਦ ਤੇ ਫਿੱਟ ਲੋਕਾਂ ਨੂੰ ਬਣਾ ਰਿਹੈ ਸ਼ਿਕਾਰ

ਸੂਨ ਨੇ ਆਪਣੀ ਇਹ ਕਹਾਣੀ ਮਨੁੱਖੀ ਅਧਿਕਾਰ ਕਮੇਟੀ (HRNK) ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਦੱਸੀ। ਸੂਨ ਕੇਚਿਯਾਨ ਕੈਂਪ ਵਿਚੋਂ ਕਿਸੇ ਤਰ੍ਹਾਂ ਬਚ ਨਿਕਲੀ ਸੀ। ਐੱਚ.ਆਰ.ਐੱਨ.ਕੇ. ਦੇ ਕਾਰਜਕਾਰੀ ਨਿਦੇਸ਼ਕ ਗ੍ਰੇਗ ਸਕਾਰਲੇਟਿਉ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਵੀ ਕਿਮ ਜੋਂਗ ਉਨ ਦੇ ਅਪਰਾਧ ਘੱਟ ਨਹੀਂ ਹੋ ਰਹੇ। ਕੇਚਿਯਾਨ ਕੈਂਪ ਰਾਜਧਾਨੀ ਪਿਓਂਗਯਾਂਗ ਤੋਂ ਕਰੀਬ 80 ਕਿਲੋਮੀਟਰ ਦੂਰ ਉੱਤਰ ਵਿਚ ਸਥਿਤ ਹੈ। ਇੱਥੇ ਕਰੀਬ 6000 ਕੈਦੀ ਹਨ। ਕਿਹਾ ਜਾਂਦਾ ਹੈ ਕਿ ਇੱਥੇ ਛੋਟੇ-ਮੋਟੇ ਅਪਰਾਧਾਂ ਵਾਲੇ ਕੈਦੀਆਂ ਨੂੰ ਭੇਜਿਆ ਜਾਂਦਾ ਹੈ ਪਰ ਇੱਥੇ ਹੋ ਰਹੀ ਬੇਰਹਿਮੀ ਦੇ ਬਾਰੇ ਵਿਚ ਦਿਲ ਦਹਿਲਾ ਦੇਣ ਵਾਲੇ ਦਾਅਵੇ ਕੀਤੇ ਜਾਂਦੇ ਹਨ।

Vandana

This news is Content Editor Vandana