ਉੱਤਰੀ ਕੋਰੀਆ ਨੇ ਫਿਰ ਕੀਤਾ ਘੱਟ ਦੂਰੀ ਦੀਆਂ ਮਿਜ਼ਾਇਲਾਂ ਦਾ ਪ੍ਰੀਖਣ

08/24/2019 1:08:38 PM

ਸਿਓਲ— ਉੱਤਰੀ ਕੋਰੀਆ ਨੇ ਸ਼ਨੀਵਾਰ ਨੂੰ ਘੱਟ ਦੂਰੀ ਵਾਲੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸਾਂਝੇ ਅਭਿਆਸ ਦੇ ਵਿਰੋਧ 'ਚ ਉਹ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਰਿਹਾ ਹੈ। ਇਸੇ ਤਹਿਤ ਇਹ ਉਸ ਦਾ ਤਾਜਾ ਪ੍ਰੀਖਣ ਹੈ। ਦੱਖਣੀ ਕੋਰੀਆ ਦੇ 'ਜੁਆਇੰਟ ਚੀਫ ਆਫ ਸਟਾਫ' ਨੇ ਸ਼ਨੀਵਾਰ ਨੂੰ ਕਿਹਾ,''ਫੌਜ ਨੇ ਦੋ ਮਿਜ਼ਾਇਲਾਂ ਨੂੰ ਦੇਖਿਆ। ਅਜਿਹਾ ਮੰਨਿਆ ਜਾ ਰਿਹਾ ਹੈ ਇਹ ਘੱਟ ਦੂਰੀ ਵਾਲੀਆਂ ਬੈਲਿਸਟਿਕ ਮਿਜ਼ਾਇਲਾਂ ਸਨ। ਮਿਜ਼ਾਇਲਾਂ ਜਾਪਾਨ ਸਾਗਰ 'ਚ ਡਿੱਗਣ ਤੋਂ ਪਹਿਲਾਂ 380 ਕਿਲੋਮੀਟਰ ਤਕ ਹਵਾ 'ਚ ਰਹੀਆਂ ਅਤੇ 97 ਕਿਲੋਮੀਟਰ ਦੀ ਉਚਾਈ ਤਕ ਪੁੱਜੀਆਂ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ,''ਨਵੇਂ ਪ੍ਰੀਖਣਾਂ ਸਬੰਧੀ ਸਾਡੀ ਫੌਜ ਤੇਜ਼ੀ ਨਾਲ ਉੱਤਰੀ ਕੋਰੀਆ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ।'' 

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ 'ਬਲੂ ਹਾਊਸ' ਨੇ ਕਿਹਾ ਕਿ ਉਹ ਉੱਤਰੀ ਕੋਰੀਆ ਦੇ ਹਥਿਆਰਾਂ ਦੇ ਪ੍ਰੀਖਣ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਕਰੇਗਾ। ਪਿਯੋਂਗਯਾਂਗ ਦੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ 'ਤੇ ਨਿਸ਼ਾਨਾ ਲਗਾਉਣ ਮਗਰੋਂ ਇਹ ਪ੍ਰੀਖਣ ਕੀਤਾ ਗਿਆ ਹੈ। ਅਮਰੀਕੀ ਡਿਪਲੋਮੈਟਿਕ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਦੇ ਪੂਰੀ ਤਰ੍ਹਾਂ ਪ੍ਰਮਾਣੂ ਨਿਸ਼ਸਤਰੀਕਰਣ ਹੋਣ ਤਕ ਅਮਰੀਕਾ ਉਸ 'ਤੇ ਸਖਤ ਰੋਕ ਜਾਰੀ ਰੱਖੇਗਾ। ਇਸ ਦੇ ਬਾਅਦ ਪਿਯੋਂਗਯਾਂਗ ਨੇ ਪੋਂਪੀਓ ਨੂੰ 'ਬਹੁਤ ਜ਼ਹਿਰੀਲਾ' ਕਿਹਾ ਸੀ। ਅਮਰੀਕਾ ਅਤੇ ਦੱਖਣੀ ਕੋਰੀਆ ਦੀ ਫੌਜ ਦੀ ਸਾਂਝੀ ਮੁਹਿੰਮ ਖਿਲਾਫ ਉੱਤਰੀ ਕੋਰੀਆ ਨੇ ਹਾਲ ਹੀ ਦੇ ਹਫਤੇ 'ਚ ਘੱਟ ਦੂਰੀ ਦੀਆਂ ਕਈ ਮਿਜ਼ਾਇਲਾਂ ਦਾਗੀਆਂ ਸਨ।