ਉੱਤਰੀ ਕੋਰੀਆ ਨੇ ਬਿਡੇਨ ਲਈ ਇਤਰਾਜ਼ਯੋਗ ਸ਼ਬਦਾਂ ਦੀ ਕੀਤੀ ਵਰਤੋਂ

11/15/2019 12:31:48 PM

ਸਿਓਲ (ਭਾਸ਼ਾ): ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਡੈਮੋਕ੍ਰੈਟਿਕ ਉਮੀਦਵਾਰੀ ਦੀ ਦਾਅਵੇਦਾਰੀ ਕਰ ਰਹੇ ਜੋਅ ਬਿਡੇਨ 'ਤੇ ਤਿੱਖਾ ਹਮਲਾ ਕੀਤਾ। ਉੱਤਰੀ ਕੋਰੀਆ ਨੇ ਉਨ੍ਹਾਂ ਨੂੰ ਇਕ ਪਾਗਲ ਕੁੱਤਾ ਕਿਹਾ ਹੈ। ਇਹ ਸ਼ਬਦਾਵਲੀ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਰਤੀ ਸੀ ਅਤੇ ਹੁਣ ਉੱਤਰੀ ਕੋਰੀਆ ਵਰਤ ਰਿਹਾ ਹੈ। ਗੌਰਤਲਬ ਹੈ ਕਿ ਉੱਤਰੀ ਕੋਰੀਆ ਆਪਣੇ ਵਿਵਾਦਮਈ ਬਿਆਨਾਂ ਲਈ ਜਾਣਿਆ ਜਾਂਦਾ ਹੈ ਪਰ ਇਹ ਟਿੱਪਣੀ ਉਸ ਦੇ ਆਪਣੇ ਮਾਪਦੰਡਾਂ ਤੋਂ ਵੀ ਵੱਧ ਸਖਤ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਸਮਾਚਾਰ ਏਜੰਸੀ 'ਕੇ.ਸੀ.ਐੱਨ.ਏ.' ਨੇ ਵੀਰਵਾਰ ਨੂੰ ਕਿਹਾ ਕਿ ਬਿਡੇਨ ਨੇ ਡੀ.ਪੀ.ਆਰ.ਕੇ. ਦੀ ਸਰਬ ਉੱਚ ਲੀਡਰਸ਼ਿਪ ਦੀ ਸ਼ਾਨ ਨੂੰ ਘਟਾਉਣ ਦੀ ਹਿੰਮਤ ਕੀਤੀ ਹੈ।''

ਬਿਆਨ ਵਿਚ ਕਿਹਾ ਗਿਆ,''ਜੇਕਰ ਉਨ੍ਹਾਂ ਨੂੰ ਅਜਿਹਾ ਕਰਨ ਦਿੱਤਾ ਗਿਆ ਤਾਂ ਬਿਡੇਨ ਜਿਹੇ ਪਾਗਲ ਕੁੱਤੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ।'' ਉਸ ਵਿਚ ਕਿਹਾ ਗਿਆ,''ਅਜਿਹਾ ਕਰਨਾ ਅਮਰੀਕਾ ਲਈ ਵੀ ਫਾਇਦੇਮੰਦ ਹੋਵੇਗਾ।'' ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉੱਤਰੀ ਕੋਰੀਆ ਦਾ ਗੁੱਸਾ ਕਿਸ ਕਾਰਨ ਨਿਕਲ ਰਿਹਾ ਹੈ। ਫਿਲਹਾਲ ਬਿਡੇਨ ਦੀ ਪ੍ਰਚਾਰ ਮੁਹਿੰਮ ਦੌਰਾਨ ਇਸ ਹਫਤੇ ਇਕ ਵਿਗਿਆਪਨ ਜਾਰੀ ਕੀਤਾ ਗਿਆ ਸੀ, ਜਿਸ ਵਿਚ ਟਰੰਪ ਦੀ ਵਿਦੇਸ਼ ਨੀਤੀ ਦੀ ਨਿੰਦਾ ਕਰਦਿਆਂ ਕਿਹਾ ਗਿਆ ਸੀ ਕਿ ਤਾਨਾਸ਼ਾਹਾਂ ਅਤੇ ਜ਼ਾਲਮਾਂ ਦੀ ਤਾਰੀਫ ਕੀਤੀ ਜਾਂਦੀ ਹੈ, ਸਾਡੇ ਸਾਥੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।'' 

ਜਦੋਂ ਵੌਇਸਓਵਰ ਵਿਚ 'ਜ਼ਾਲਮਾਂ' ਸ਼ਬਦ ਦੀ ਵਰਤੋਂ ਕੀਤੀ ਗਈ ਤਾਂ ਠੀਕ ਉਸੇ ਵੇਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸਿੰਗਾਪੁਰ ਸਿਖਰ ਵਾਰਤਾ ਵਿਚ ਹੱਥ ਮਿਲਾਉਂਦੇ ਹੋਏ ਇਕ ਤਸਵੀਰ ਦਿਖਾਈ ਦਿੰਦੀ ਹੈ। ਕੇ.ਸੀ.ਐੱਨ.ਏ. ਨੇ ਇਸ ਦੌਰਾਨ ਟਰੰਪ ਦੀ ਇਕ ਟਿੱਪਣੀ ਦੀ ਵਰਤੋਂ ਕਰਦਿਆਂ ਬਿਡੇਨ ਨੂੰ 'ਸਲੀਪੀ ਜੋ' ਕਿਹਾ। ਕੇ.ਸੀ.ਐੱਨ.ਏ. ਨੇ ਕਿਹਾ,''ਬਿਡੇਨ ਦੇ ਡਿਮੇਂਸ਼ੀਆ ਦੇ ਆਖਰੀ ਪੜਾਅ ਵਿਚ ਪਹੁੰਚਣ ਦੇ ਸੰਕੇਤ ਹਨ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਜ਼ਿੰਦਗੀ ਨੂੰ ਅਲਵਿਦਾ ਕਰਨ ਦਾ ਸਮਾਂ ਆ ਗਿਆ ਹੈ।''

Vandana

This news is Content Editor Vandana