ਉੱਘੇ ਸ਼ਾਇਰ ਡਾਂ. ਸੁਰਜੀਤ ਪਾਤਰ ਦੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣਨ ''ਤੇ ਵਿਦੇਸ਼ਾਂ ''ਚ ਖੁਸ਼ੀ ਦੀ ਲਹਿਰ

08/25/2017 5:32:25 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਅਜੋਕੇ ਦੌਰ ਵਿਚ ਕਾਵਿ ਸੰਸਾਰ ਦੇ ਸਭ ਤੋ ਹਰਮਨ ਪਿਆਰੇ, ਕਾਵਿ-ਨਾਇਕ, ਕ੍ਰਾਂਤੀ ਦਾ ਮੁਦਈ ਸ਼ਾਇਰ ਅਤੇ ਲੋਕਾਂ ਦੇ ਪਿਆਰ ਦੇ ਮੋਹ ਨਾਲ ਭਿੱਜੇ ਸਿਰਨਾਵਿਆਂ ਦਾ ਪਾਤਰ ਪਦਮ ਸ਼੍ਰੀ ਡਾਂ. ਸੁਰਜੀਤ ਪਾਤਰ ਨੂੰ ਸੂਬਾ ਸਰਕਾਰ ਵਲੋਂ ਉਨ੍ਹਾਂ ਦੁਆਰਾ ਮਾਂ-ਬੋਲੀ ਪੰਜਾਬੀ ਤੇ ਸਾਹਿਤ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਵਿਦੇਸ਼ਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਸਬੰਧੀ ਇੱਕ ਵਿਸ਼ੇਸ਼ ਬੈਠਕ ਇਨਾਲਾ ਲਾਇਬ੍ਰੇਰੀ ਵਿਖੇ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ, ਬੈਠਕ 'ਚ ਚੇਅਰਮੈਨ ਅਮਰਜੀਤ ਸਿੰਘ ਮਾਹਲ, ਸਕੱਤਰ ਸਰਬਜੀਤ ਸੋਹੀ, ਲੇਖਕ ਮਨਜੀਤ ਬੋਪਾਰਾਏ, ਰੁਪਿੰਦਰ ਸੋਜ਼, ਸੁਰਜੀਤ ਸੰਧੂ, ਪਾਲ ਰਾਊਕੇ, ਆਤਮਾ ਹੇਅਰ, ਹਰਮਨਦੀਪ ਗਿੱਲ, ਦਲਵੀਰ ਹਲਵਾਰਵੀ ਆਦਿ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਡਾ. ਸੁਰਜੀਤ ਪਾਤਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਡਾ. ਪਾਤਰ ਦੇ ਇਸ ਵੱਕਾਰੀ ਸੰਸਥਾ ਦਾ ਮੁੱਖੀ ਬਣਨ ਨਾਲ ਕਲਾ ਪ੍ਰੀਸ਼ਦ ਦੀਆਂ ਸਰਗਰਮੀਆਂ ਨੂੰ ਉਹ ਪ੍ਰੀਸ਼ਦ ਦੇ ਮੈਂਬਰਾਂ ਦੇ ਸਹਿਯੋਗ ਅਤੇ ਉਸਾਰੂ ਸੋਚ ਨਾਲ ਲੋਕ ਲਹਿਰ ਦੇ ਰੂਪ ਵਿੱਚ ਕੌਮਾਤਰੀ ਪੱਧਰ ਅਤੇ ਦੇਸ਼-ਵਿਦੇਸ਼ ਵਿੱਚ ਪਸਾਰਾਂ ਕਰਕੇ ਸੱਭਿਆਚਾਰ, ਕਲਾ ਅਤੇ ਸਾਹਿਤ ਨੂੰ ਹੋਰ ਵੀ ਜਿਆਦਾ ਪ੍ਰਫੁੱਲਿਤ ਕਰਨ ਦੀ ਆਸ ਬੱਝੀ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਯੋਜਨਾਬੱਧ ਨੀਤੀਆਂ ਦਾ ਨਿਰਮਾਣ ਕਰਨ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਸੰਸਥਾ ਸਾਰਥਿਕ ਪਹੁੰਚ ਅਪਣਾ ਕੇ ਮਾਂ-ਬੋਲੀ, ਸਾਹਿਤ ਅਤੇ ਅਮੀਰ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਰਹੇ।