ਓਟਾਵਾ : ਬੱਸਾਂ-ਰੇਲ ਗੱਡੀਆਂ ''ਚ ਸਫ਼ਰ ਕਰਨ ਵਾਲਿਆਂ ਨੂੰ ਇਸ ਕਾਰਨ ਲੱਗ ਸਕਦੈ ਜੁਰਮਾਨਾ

10/13/2020 10:43:51 AM

ਓਟਾਵਾ- ਕੋਰੋਨਾ ਦਾ ਗੜ੍ਹ ਬਣੇ ਓਟਾਵਾ ਵਿਚ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ, ਪਰ ਲੋਕ ਇਸ ਦੇ ਬਾਵਜੂਦ ਅਣਗਹਿਲੀਆਂ ਕਰ ਰਹੇ ਹਨ। ਓਟਾਵਾ ਮੇਅਰ ਜਿਮ ਵਾਟਸਨ ਨੇ ਕਿਹਾ ਕਿ ਹੁਣ ਉਹ ਲੋਕਾਂ ਨੂੰ ਮਾਸਕ ਲਗਾਉਣ ਦੀ ਸਲਾਹ ਨਹੀਂ ਦੇਣਗੇ ਸਗੋਂ ਬਿਨਾ ਮਾਸਕ ਵਾਲਿਆਂ ਨੂੰ ਜੁਰਮਾਨਾ ਠੋਕਣਗੇ। 13 ਅਕਤੂਬਰ ਤੋਂ ਟਰਾਂਸਪੋ ਸਪੈਸ਼ਲ ਅਧਿਕਾਰੀ ਹੁਣ ਬਿਨਾ ਮਾਸਕ ਦੇ ਸਫਰ ਕਰਨ ਵਾਲੇ ਲੋਕਾਂ ਨੂੰ ਜੁਰਮਾਨੇ ਦੀ ਟਿਕਟ ਦੇਣਗੇ। ਹਾਲਾਂਕਿ ਵਿਅਕਤੀ ਨੂੰ ਪਹਿਲਾਂ ਮਾਸਕ ਪਾਉਣ ਲਈ ਕਿਹਾ ਜਾਵੇਗਾ ਜੇਕਰ ਉਹ ਨਹੀਂ ਮੰਨੇਗਾ ਤਾਂ ਉਸ ਨੂੰ ਜੁਰਮਾਨਾ ਠੋਕਿਆ ਜਾਵੇਗਾ। 

ਮੇਅਰ ਨੇ ਕਿਹਾ ਕਿ ਮਾਸਕ ਨਾ ਪਾਉਣ ਵਾਲਿਆਂ ਨੂੰ ਸਫਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਓ. ਸੀ. ਟਰਾਂਸਪੋ ਨੇ ਲੋਕਾਂ ਨੂੰ ਮਾਸਕ ਪਾਉਣ ਲਈ ਅਪੀਲਾਂ ਹੀ ਕੀਤੀਆਂ ਹਨ ਪਰ ਇਸ ਦੇ ਬਾਵਜੂਦ ਲੋਕ ਸਲਾਹ ਨਹੀਂ ਮੰਨ ਰਹੇ ਤੇ ਲੜਾਈਆਂ ਕਰਨ ਲਈ ਉਤਾਰੂ ਹੋ ਰਹੇ ਹਨ। ਇਸ ਲਈ ਹੁਣ ਬੱਸਾਂ ਤੇ ਰੇਲ ਗੱਡੀਆਂ ਵਿਚ ਬਿਨਾਂ ਮਾਸਕ ਦੇ ਕੋਈ ਸਫਰ ਨਹੀਂ ਕਰ ਸਕੇਗਾ। ਹਾਲਾਂਕਿ ਜੂਨ ਤੋਂ ਬਾਅਦ ਸਫਰ ਦੌਰਾਨ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਸੀ ਪਰ ਲੋਕ ਇਸ ਨੂੰ ਮਜ਼ਾਕ ਵਿਚ ਹੀ ਲੈਂਦੇ ਰਹੇ ਹਨ। 

ਹੁਣ ਬਿਨਾਂ ਮਾਸਕ ਦੇ ਸਫਰ ਕਰਨ ਵਾਲੇ ਵਿਅਕਤੀ ਨੂੰ 260 ਡਾਲਰ ਦਾ ਜੁਰਮਾਨਾ ਲੱਗੇਗਾ। ਹਾਲਾਂਕਿ ਮੈਡੀਕਲ ਕਾਰਨਾਂ ਕਰਕੇ ਜੇਕਰ ਕੋਈ ਮਾਸਕ ਨਹੀਂ ਪਾ ਸਕਦਾ ਤਾਂ ਉਸ ਨੂੰ ਇਹ ਦੱਸਣਾ ਪਵੇਗਾ ਤੇ ਫਿਰ ਉਹ ਸਫਰ ਕਰ ਸਕੇਗਾ। ਇਹ ਵੀ ਜਾਣਕਾਰੀ ਹੈ ਕਿ ਓ. ਸੀ. ਟਰਾਂਸਪੋ ਦੇ 2-3 ਡਰਾਈਵਰ ਵੀ ਕੋਰੋਨਾ ਦੀ ਲਪੇਟ ਵਿਚ ਹਨ। 

Lalita Mam

This news is Content Editor Lalita Mam