ਉੱਤਰ ਕੋਰੀਆ ਦੇ ਪ੍ਰਮਾਣੂ ਗਤੀਵਿਧੀਆਂ ਨੂੰ ਬੰਦ ਕਰਨ ਦਾ ਸੰਕੇਤ ਨਹੀਂ: ਆਈ.ਏ.ਈ.ਏ.

08/21/2018 8:34:51 PM

ਵਿਆਨਾ— ਪ੍ਰਮਾਣੂ ਪ੍ਰੋਗਰਾਮਾਂ 'ਤੇ ਨਜ਼ਰ ਰੱਖਣ ਵਾਲੇ ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਕਿਹਾ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਪ੍ਰਮਾਣੂ ਹਥਿਆਰਬੰਦੀ ਦੇ ਸੰਕਲਪ ਤੋਂ ਬਾਅਦ ਉੱਤਰ ਕੋਰੀਆ ਨੇ ਆਪਣੀਆਂ ਪ੍ਰਮਾਣੂ ਗਤੀਵਿਧੀਆਂ 'ਤੇ ਰੋਕ ਲਾਈ ਹੈ। ਉੱਤਰ ਕੋਰੀਆ ਦੇ ਅਧਿਕਾਰਿਕ ਨਾਮ ਡੀ.ਪੀ.ਆਰ.ਕੇ. ਦਾ ਜ਼ਿਕਰ ਕਰਦੇ ਹੋਏ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ (ਆਈ.ਏ.ਈ.ਏ.) ਵਲੋਂ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਡੀ.ਪੀ.ਆਰ.ਕੇ. ਦੇ ਪ੍ਰਮਾਣੂ ਪ੍ਰੋਗਰਾਮ ਦੇ ਜਾਰੀ ਰਹਿਣ ਤੇ ਉਸ 'ਚ ਪ੍ਰਗਤੀ ਹੋਣ ਤੇ ਡੀ.ਪੀ.ਆਰ.ਕੇ. ਦੇ ਬਿਆਨ ਨਾਲ ਗੰਭੀਰ ਚਿੰਤਾ ਪੈਦਾ ਹੁੰਦੀ ਹੈ।

ਆਈ.ਏ.ਈ.ਏ. ਦੇ ਡਾਇਰੈਕਟਰ ਜਨਰਲ ਯੂਕਿਆ ਅਮਾਨੋ ਨੇ ਬੀਤੇ ਦਿਨ ਇਸ ਰਿਪੋਰਟ ਦਾ ਪ੍ਰਕਾਸ਼ਨ ਕੀਤਾ। ਇਸ ਨੂੰ ਸਤੰਬਰ 'ਚ ਆਈ.ਏ.ਈ.ਏ. ਦੀ ਬੋਰਡ ਬੈਠਕ 'ਚ ਪੇਸ਼ ਕੀਤਾ ਜਾਵੇਗਾ। ਸਾਲ 2009 'ਚ ਪਿਓਂਗਯਾਂਗ ਨੇ ਆਈ.ਏ.ਈ.ਏ. ਦੇ ਇੰਸਪੈਕਟਰਾਂ ਨੂੰ ਯੋਂਗਬਿਓਨ ਪ੍ਰਮਾਣੂ ਸਥਲ ਤੋਂ ਕੱਢ ਦਿੱਤਾ ਸੀ ਤੇ ਉਸ ਤੋਂ ਬਾਅਦ ਆਪਣੇ ਖੇਤਰ 'ਚ ਆਈ.ਏ.ਈ.ਏ. ਦੇ ਇੰਸਪੈਕਟਰਾਂ ਨੂੰ ਪ੍ਰਵੇਸ਼ ਦੀ ਆਗਿਆ ਦੇਣ ਤੋਂ ਮਨਾ ਕਰ ਦਿੱਤਾ ਹੈ। ਆਈ.ਏ.ਈ.ਏ. ਨੇ ਕਿਹਾ ਕਿ ਉਸ ਨੇ ਪ੍ਰਾਪਤ ਸੂਚਨਾ ਤੇ ਉਪਗ੍ਰਹਿ ਦੀਆਂ ਤਸਵੀਰਾਂ ਦੇ ਆਧਾਰ 'ਤੇ ਨਿਗਰਾਨੀ ਵਧਾ ਦਿੱਤੀ ਹੈ।