ਕੈਨੇਡਾ ''ਚ ਬੱਚੇ ਨੂੰ ਜਨਮ ਦੇ ਕੇ ਸੁੱਟ ਜਾਣ ਵਾਲੀ ਮਾਂ ਲੱਗੀ ਪੁਲਸ ਦੇ ਹੱਥ

01/17/2018 3:53:49 PM

ਓਨਟਾਰੀਓ— ਕੈਨੇਡਾ ਦੇ ਸ਼ਹਿਰ ਉੱਤਰੀ ਯਾਰਕ 'ਚ ਇਕ ਪਲਾਜ਼ਾ ਨੇੜਿਓਂ ਨਵਜੰਮੇ ਬੱਚੇ ਦੇ ਮਿਲਣ ਮਗਰੋਂ ਤੜਥੱਲੀ ਮਚ ਗਈ ਸੀ। ਬੱਚੇ ਨੂੰ ਇਸ ਤਰ੍ਹਾਂ ਸੁੱਟ ਕੇ ਜਾਣ ਵਾਲੀ ਮਾਂ ਦੀ ਪਛਾਣ ਹੋ ਗਈ ਹੈ। ਇਸ ਬੱਚੇ ਨੂੰ ਇਕ ਜੋੜੇ ਨੇ ਦੇਖਿਆ ਸੀ ਤੇ ਉਸ ਨੂੰ ਬਚਾਉਣ ਲਈ ਅਜੇ ਤਕ ਕੋਸ਼ਿਸ਼ਾਂ ਚੱਲ ਰਹੀਆਂ ਹਨ। ਜਾਂਚ ਮਗਰੋਂ ਪਤਾ ਲੱਗਾ ਕਿ ਇਸ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਉਮਰ ਸਿਰਫ 19 ਸਾਲ ਹੈ ਤੇ ਉਹ ਕੋਰੀਆ ਦੀ ਰਹਿਣ ਵਾਲੀ ਹੈ। 

ਉਸ ਨੇ ਆਪਣੇ ਗਰਭਵਤੀ ਹੋਣ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ। ਉਸ ਨੇ ਇਕੱਲੀ ਨੇ ਹੀ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਨੂੰ ਕਹਿਰ ਦੀ ਠੰਡ 'ਚ ਸੁੱਟ ਗਈ। ਬੱਚੇ ਦੇ ਸਰੀਰ 'ਤੇ ਕੋਈ ਵੀ ਕੱਪੜਾ ਤਕ ਨਹੀਂ ਸੀ। ਪੁਲਸ ਨੇ ਇਸ ਮਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ। ਤਸਵੀਰਾਂ ਤੋਂ ਸਪੱਸ਼ਟ ਹੈ ਕਿ ਵੱਡੀ ਗਿਣਤੀ 'ਚ ਪੁਲਸ ਨੇ ਇਸ ਔਰਤ ਨੂੰ ਘੇਰਿਆ ਹੋਇਆ ਸੀ ਪਰ ਉਸ ਨੂੰ ਹਥਕੜੀਆਂ ਨਹੀਂ ਲਗਾਈਆਂ ਸਨ। ਪੁਲਸ ਨੇ ਕਿਹਾ ਕਿ ਇਸ ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨੂੰ ਵੀ ਦੱਸਿਆ ਨਹੀਂ ਸੀ ਕਿ ਉਹ ਮਾਂ ਬਣਨ ਵਾਲੀ ਹੈ। ਫਿਲਹਾਲ ਬੱਚੇ ਅਤੇ ਉਸ ਦੀ ਮਾਂ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ।