ਨਿਊਜ਼ੀਲੈਂਡ ਦੀ ਪੀ.ਐੱਮ. 21 ਮਾਰਚ ਨੂੰ ਕਰੇਗੀ ਦੁਨੀਆ ਦੇ ਪਹਿਲੇ 'ਸਿੱਖ ਸਪੋਰਟਸ ਕੰਪਲੈਕਸ' ਦਾ ਉਦਘਾਟਨ (ਤਸਵੀਰਾਂ)

03/17/2021 6:15:05 PM

ਆਕਲੈਂਡ (ਹਰਮੀਕ ਸਿੰਘ)  ਪਿਛਲੇ ਸਾਲ ਕੋਵਿਡ-19 ਦੇ ਚੱਲਦਿਆਂ ਮੁਲਤਵੀ ਕੀਤੇ ਗਏ ਦੁਨੀਆ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਆਉਂਦੀ 21 ਮਾਰਚ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਅਰਡਰਨ ਆਪਣੇ ਮੰਤਰੀਮੰਡਲ ਦੇ ਕਈ ਮੰਤਰੀਆਂ ਨਾਲ ਸ਼ਿਰਕਤ ਕਰੇਗੀ। 

ਸਪੋਰਟਸ ਕੰਪਲੈਕਸ ਦੇ ਬਾਬਤ ਜਾਣਕਾਰੀ ਦਿੰਦਿਆ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਹੋਰਾਂ ਦੱਸਿਆ ਕਿ ਗੁਰੂਦਵਾਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੀ 16ਵੀਂ ਵਰ੍ਹੇਗੰਢ ਮੌਕੇ ਸੰਗਤਾਂ ਅਤੇ ਸਰਕਾਰ ਦੇ ਸਹਿਯੋਗ ਦੇ ਨਾਲ ਲੱਗਭੱਗ 10 ਮਿਲੀਅਨ ਡਾਲਰ ਦੀ ਰਾਸ਼ੀ ਦੇ ਨਾਲ ਤਿਆਰ ਕੀਤਾ ਗਿਆ ਇਹ ਬਹੁਮੰਤਵੀ ਸਪੋਰਟਸ ਕੰਪਲੈਕਸ ਵਿੱਚ ਫੀਫਾ ਤੋਂ ਮਨਜੂਰ ਫੁੱਟਬਾਲ ਗਰਾਊਂਡ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕੇਟ, ਕਬੱਡੀ, 100 ਮੀਟਰ ਰੇਸ ਟਰੈਕ ਆਦਿ ਖੇਡਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸਪੋਰਟਸ ਕੰਪਲੈਕਸ ਦਾ ਸੰਗਤਾਂ ਦੀ ਭਾਰੀ ਹਾਜਰੀ ਵਿਚ ਉਦਘਾਟਨ ਕੀਤਾ ਜਾਵੇਗਾ। 

ਸੁਸਾਇਟੀ ਵੱਲੋ ਇਹਨਾਂ ਸਮਾਗਮਾਂ ਮੌਕੇ ਕੀਵੀ ਕਿੰਗ ਦੇ ਨਾਮ ਤੋਂ ਮਸ਼ਹੂਰ ਅਤੇ ਸਮਾਜਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਹਰਦਿਲ ਅਜੀਜ ਨੌਜਵਾਨ ਸਰਦਾਰ ਗੁਰਵਿੰਦਰ ਸਿੰਘ ਬੈਂਸ ਮਾਣਕਢੇਰੀ (ਗੋਪਾ ਬੈਂਸ) ਨੂੰ ਵੱਕਾਰੀ ਕਮਿਊਨਟੀ ਐਵਾਰਡ ਨਾਲ ਨਿਵਾਜਿਆ ਜਾਵੇਗਾ। ਗੋਪਾ ਬੈਂਸ ਨੂੰ ਸਨਮਾਨ 'ਚ ਇੱਕ ਕਿੱਲੋ ਚਾਂਦੀ ਦੀ ਇੱਟ 'ਤੇ ਬਣੇ 10 ਤੋਲੇ ਸੋਨੇ ਦੇ ਖੰਡੇ ਦਾ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਹੁਸਿਆਰਪੁਰ ਜਿਲ੍ਹੇ ਦੇ ਮਾਣਕਢੇਰੀ ਪਿੰਡ ਨਾਲ ਸਬੰਧਤ ਗੁਰਵਿੰਦਰ ਸਿੰਘ (ਗੋਪਾ ਬੈਂਸ) ਨੇ 18-19 ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਪੈਰ ਪਾਇਆ ਸੀ, ਜੋ ਹੁਣ ਟੀਪੁੱਕੀ ਵਿਚ ਸਫ਼ਲ ਕਿਸਾਨ ਦੇ ਤੌਰ 'ਤੇ ਕੀਵੀ ਫਰੂਟ ਦੇ ਉਤਪਾਦਨ ਨਾਲ ਨਿਊਜ਼ੀਲੈਂਡ ਦੀ ਇਕੌਨਮੀ `ਚ ਵੀ ਹਿੱਸਾ ਪਾ ਰਹੇ ਹਨ ਅਤੇ ਪੰਜਾਬੀਆਂ ਲਈ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਇਹਨਾਂ 22 ਮਾਰਚ ਤੋਂ ਟਾਕਾਨੀਨੀ ਗੁਰੂਘਰ ਵਿਖੇ ‘ਚ ਪਲਾਜਮਾ ਡੋਨੇਸ਼ਨ ਕੈਂਪ ਵੀ ਲਾਇਆ ਜਾ ਰਿਹਾ ਹੈ। ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਵੱਲੋ ਸੱਭ ਸੰਗਤਾਂ ਨੂੰ ਇਹਨਾਂ ਸਮਾਗਮਾਂ ਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ।

Vandana

This news is Content Editor Vandana