ਨਿਊਜ਼ੀਲੈਂਡ : ‘ਚਲੋ ਪਾਰਟੀ ਕਰਦੇ ਹਾਂ’ ਕਹਿ ਕੇ ਲਾਸ਼ਾਂ ਵਿਛਾਉਣ ਲੱਗਾ ਹਮਲਾਵਰ

03/16/2019 11:19:54 AM

ਵਲਿੰਗਟਨ/ ਸਿਡਨੀ, (ਬਿਊਰੋ)— ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਸ਼ਹਿਰ ਵਿਚ ਹੋਏ ਕਤਲੇਆਮ ਨੂੰ ਬ੍ਰੇਂਟਨ ਟੈਰੇਂਟ ਨੇ ਫੇਸਬੁੱਕ ’ਤੇ ਲਾਈਵ ਦਿਖਾਇਆ। ਵੀਡੀਓ ’ਚ ਉਹ ਕਹਿੰਦਾ ਹੈ, ‘ਚਲੋ ਇਸ ਪਾਰਟੀ ਨੂੰ ਹੁਣ ਸ਼ੁਰੂ ਕਰਦੇ ਹਾਂ।’ ਵੀਡੀਓ ’ਚ ਦਿਸ ਰਿਹਾ ਹੈ ਕਿ ਇਕ ਵਿਅਕਤੀ ਹੱਥ ਵਿਚ ਬੰਦੂਕ ਲੈ ਕੇ ਬੜੇ ਆਰਾਮ ਨਾਲ ਸੈਂਟਰਲ ਕ੍ਰਾਈਸਟ ਚਰਚ ਦੀ ਅਲਨੂਰ ਮਸਜਿਦ ਦੇ ਅੰਦਰ ਵੜਦਾ ਹੈ ਅਤੇ ਤਾਬੜਤੋੜ ਫਾਇਰਿੰਗ ਕਰਦਾ ਹੈ ਅਤੇ ਲਾਸ਼ਾਂ ਦੇ ਢੇਰ ਲਾ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਟੈਰੇਂਟ ਨੇ ਵੀਰਵਾਰ ਰਾਤ ਨੂੰ ਹੀ ਫੇਸਬੁੱਕ ’ਤੇ ਪੋਸਟ ਰਾਹੀਂ ਹਮਲੇ ਦੀ ਧਮਕੀ ਦੇ ਦਿੱਤੀ ਸੀ। ਉਸ ਨੇ ਕਿਹਾ ਸੀ ਕਿ, ‘‘ਮੈਂ ਫੇਸਬੁੱਕ ਰਾਹੀਂ ਹਮਲੇ ਦੀ ਲਾਈਵ ਸਟ੍ਰੀਮਿੰਗ ਵੀ ਕਰਾਂਗਾ। ਜੇਕਰ ਮੈਂ ਹਮਲੇ ਵਿਚ ਨਹੀਂ ਬਚਦਾ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਅਲਵਿਦਾ।’’

ਟੈਰੇਂਟ ਨੇ ਖੁਦ ਦੀ ਪਛਾਣ 28 ਸਾਲਾਂ ਦੇ ਇਕ ਸਾਧਾਰਨ ਵਿਅਕਤੀ ਦੇ ਤੌਰ ’ਤੇ ਕੀਤੀ ਹੈ, ਜਿਸ ਦਾ ਜਨਮ ਆਸਟ੍ਰੇਲੀਆ 'ਚ ਮੱਧ ਵਰਗੀ ਪਰਿਵਾਰ ’ਚ ਹੋਇਆ, ਜਿਸ ਨੇ ਇਕ ਮੈਨੀਫੈਸਟੋ ਵਿਚ ਲਿਖਿਆ ਜਿਸ ਦਾ ਟਾਈਟਲ ਹੈ- ਦਿ ਗ੍ਰੇਟ ਰਿਪਲੇਸਮੈਂਟ। ਹਮਲਾ ਕਿਉਂ ਕੀਤਾ, ਇਸ ਟਾਈਟਲ ਦੇ ਤਹਿਤ ਉਸ ਨੇ ਲਿਖਿਆ ਹੈ ਕਿ ਇਹ ਵਿਦੇਸ਼ੀ ਹਮਲਾਵਰਾਂ ਵਲੋਂ ਯੂਰਪੀ ਦੇਸ਼ਾਂ ’ਚ ਹਜ਼ਾਰਾਂ ਦੇਸ਼ਾਂ ਦੀ ਮੌਤ ਦਾ ਬਦਲਾ ਲੈਣ ਲਈ ਹੈ। ਹਮਲਾਵਰ ਦੱਸਦਾ ਹੈ ਕਿ ਉਸ ਦੇ ਦਿਲੋ-ਦਿਮਾਗ ਨੂੰ ਪ੍ਰਭਾਵਿਤ ਕਰਨ ਵਾਲੀ ਘਟਨਾ ਯੂਰਪੀ ਦੇਸ਼ਾਂ ਵਿਚ ਹੋਏ ਅੱਤਵਾਦੀ ਹਮਲੇ ਹਨ, ਜਿਸ ਤੋਂ ਬਾਅਦ ਉਸ ਨੇ ਤੈਅ ਕਰ ਲਿਆ ਕਿ ਲੋਕਤੰਤਰਿਕ, ਸਿਆਸੀ ਹੱਲ ਦੀ ਬਜਾਏ ਹਿੰਸਕ ਕ੍ਰਾਂਤੀ ਹੀ ਇਕੋਂ ਇਕ ਬਦਲ ਹੈ। 

ਨਾਰਵੇ ਦੇ ਹਮਲਾਵਰ ਨਾਲ ਵੀ ਸਬੰਧ-
ਟੈਰੇਂਟ ਐਂਟੀ-ਇਮੀਗ੍ਰੇਸ਼ਨ ਸਮੂਹਾਂ ਦਾ ਮੈਂਬਰ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ  ਉਹ ਦੱਖਣੀ ਅੱਤਵਾਦੀ ਐਂਡਰਸ ਬ੍ਰੀਵੀਕ ਦੇ ਸੰਪਰਕ ਵਿਚ ਸੀ। ਬ੍ਰੀਵੀਕ ਨੇ 2011 ਵਿਚ ਨਾਰਵੇ ਦੇ ਓਟੋਆ ਟਾਪੂ ’ਤੇ 69 ਲੋਕਾਂ ਦੀ ਹੱਤਿਆ ਕੀਤੀ ਸੀ, ਬਾਅਦ ਵਿਚ ਉਸ ਨੇ ਕਾਰ ਬੰਬ ਰਾਹੀਂ 8 ਹੋਰ ਲੋਕਾਂ ਨੂੰ ਮਾਰਿਆ।

ਕ੍ਰਾਈਸਟ ਚਰਚ ਵਿਚ ਭਾਰਤੀਆਂ ਦੀ ਚੰਗੀ ਹੈ ਆਬਾਦੀ-
ਕ੍ਰਾਈਸਟ ਚਰਚ ਸ਼ਹਿਰ ਦੀ ਆਬਾਦੀ 2016 ਦੀ ਮਰਦਮਸ਼ੁਮਾਰੀ ਦੇ ਅਨੁਸਾਰ 3.75 ਲੱਖ ਹੈ। ਸਾਲ 2012 ਦੀ ਰਿਪੋਰਟ ਅਨੁਸਾਰ ਭਾਰਤੀਆਂ ਦੀ ਗਿਣਤੀ ਲਗਭਗ 40 ਹਜ਼ਾਰ ਸੀ। ਇਸ ਦੇਸ਼ ਵਿਚ ਮੁਸਲਮਾਨਾਂ ਦੀ ਗਿਣਤੀ ਵੀ ਵਧ ਰਹੀ ਹੈ। ਭਾਵੇਂ ਇਸਲਾਮ ਨਿਊਜ਼ੀਲੈਂਡ ਵਿਚ ਇਕ ਨਵਾਂ ਅਤੇ ਛੋਟਾ ਧਾਰਮਿਕ ਫਿਰਕਾ ਹੈ। ਮੁਸਲਿਮ ਅਪ੍ਰਵਾਸੀਆਂ ਦੀ ਗਿਣਤੀ ਵਧਣ ਦੀ ਵਜ੍ਹਾ ਨਾਲ ਨਿਊਜ਼ੀਲੈਂਡ ਵਿਚ ਹੁਣ ਪ੍ਰਮੁੱਖ ਸਥਾਨਾਂ ’ਤੇ ਮਸਜਿਦਾਂ ਹਨ, ਨਾਲ ਹੀ ਇਸਲਾਮੀ ਸਕੂਲ ਵੀ ਹਨ। ਨਿਊਜ਼ੀਲੈਂਡ ਵਿਚ ਸਭ ਤੋਂ ਪਹਿਲਾਂ ਮੁਸਲਮਾਨ ਸਾਲ 1850 ਦੇ ਦਹਾਕੇ ਵਿਚ ਕ੍ਰਾਈਸਟ ਚਰਚ ਆਏ ਸਨ। ਹਮਲੇ ਮਗਰੋਂ ਕੁਝ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ।

2 ਸਾਲਾਂ ਤੋਂ ਰਚੀ ਜਾ ਰਹੀ ਸੀ ਸਾਜ਼ਿਸ਼-
37 ਸਫਿਆਂ ਦੇ ਦਸਤਾਵੇਜ਼ ’ਚ ਟੈਰੇਂਟ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ 3 ਮਹੀਨੇ ਪਹਿਲਾਂ ਹੀ ਉਸ ਨੇ ਹਮਲੇ ਵਾਲੀ ਜਗ੍ਹਾ ਦੀ ਚੋਣ ਕੀਤੀ ਸੀ। 
 

ਮਰ ਚੁੱਕੇ ਲੋਕਾਂ ’ਤੇ ਵੀ ਚਲਾਈਆਂ ਗੋਲੀਆਂ-
ਬੰਦੂਕਧਾਰੀ ਮਸੀਤ ’ਚ ਲਗਭਗ 2 ਮਿੰਟ ਰਿਹਾ ਤੇ ਉਥੇ ਮੌਜੂਦ ਨਮਾਜ਼ੀਆਂ ’ਤੇ ਵਾਰ-ਵਾਰ ਗੋਲੀਆਂ ਚਲਾਈਆਂ। ਇਥੋਂ ਤੱਕ ਕਿ ਉਸ ਨੇ ਪਹਿਲਾਂ ਹੀ ਮਰ ਚੁੱਕੇ ਲੋਕਾਂ ’ਤੇ ਵੀ ਤਾਬੜਤੋੜ ਗੋਲੀਆਂ ਚਲਾਈਆਂ। ਉਥੋਂ ਹਮਲਾਵਰ ਸੜਕ ’ਤੇ ਨਿਕਲਿਆ ਤੇ ਪੈਦਲ ਚੱਲ ਰਹੇ ਲੋਕਾਂ ’ਤੇ ਵੀ ਉਸ ਨੇ ਗੋਲੀਆਂ ਚਲਾਈਆਂ।

ਹਮਲੇ ਲਈ ਹੀ ਆਇਆ ਸੀ ਨਿਊਜ਼ੀਲੈਂਡ-
ਟੈਰੇਂਟ ਨੇ ਕਿਹਾ ਕਿ ਉਹ ਨਿਊਜ਼ੀਲੈਂਡ ਸਿਰਫ ਇਸ ਲਈ ਆਇਆ ਤਾਂ ਕਿ ਉਹ ਹਮਲੇ ਦੀ ਯੋਜਨਾ ਤਿਆਰ ਕਰ ਸਕੇ ਤੇ ਟ੍ਰੇਨਿੰਗ ਦੇ ਸਕੇ। ਉਸ ਨੇ ਕਿਹਾ ਕਿ ਉਸ ਨੇ ਨਿਊਜ਼ੀਲੈਂਡ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਇਹ ਦੱਸਣਾ ਚਾਹੁੰਦਾ ਸੀ ਕਿ ਸੰਸਾਰ ਦਾ ਇਹ ਦੂਰ-ਦਰਾਜ ਦਾ ਇਲਾਕਾ ਵੀ ‘ਵੱਡੇ ਪ੍ਰਵਾਸ’ ਲਈ ਸੁਰੱਖਿਅਤ ਨਹੀਂ ਹੈ।