ਗ੍ਰੇਸ ਮਿਲਾਨੇ ਕਤਲ ਮਾਮਲਾ : ਡੇਟਿੰਗ ਐਪ 'ਤੇ ਮਿਲੇ ਸ਼ਖਸ ਨੇ ਹੀ ਕੀਤੀ ਸੀ ਹੱਤਿਆ

02/21/2020 2:04:18 PM

ਵੈਲਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਡੇਟਿੰਗ ਐਪ ਦਾ ਕਾਫੀ ਚਲਨ ਹੈ। ਲੋਕ ਬਿਹਤਰ ਜੀਵਨਸਾਥੀ ਦੀ ਤਲਾਸ਼ ਵਿਚ ਇਸ ਤਰ੍ਹਾਂ ਦੇ ਐਪ ਦੀ ਵਰਤੋਂ ਕਰਦੇ ਹਨ ਅਤੇ ਕਈ ਵਾਰ ਕਿਸੇ ਵੀ ਅਜਨਬੀ ਨੂੰ ਮਿਲਣ ਲਈ ਪਹੁੰਚ ਜਾਂਦੇ ਹਨ। ਅਕਸਰ ਅਜਿਹਾ ਕਰਨਾ ਜਾਨਲੇਵਾ ਸਾਬਤ ਹੁੰਦਾ ਹੈ। ਅਜਿਹਾ ਹੀ ਕੁਝ ਨਿਊਜ਼ੀਲੈਂਡ ਵਿਚ ਬ੍ਰਿਟਿਸ਼ ਕੁੜੀ ਨਾਲ ਹੋਇਆ। ਇੱਥੇ ਇਕ ਅਜਨਬੀ ਸ਼ਖਸ ਨੂੰ ਮਿਲਣ ਪਹੁੰਚੀ ਗ੍ਰੇਸ ਮਿਲਾਨੇ ਨਾਮ ਦੀ ਕੁੜੀ ਦੀ ਉਸ ਦੇ 22ਵੇਂ ਜਨਮਦਿਨ ਮੌਕੇ ਹੱਤਿਆ ਕਰ ਦਿੱਤੀ ਗਈ।

ਜੱਜ ਨੇ ਸੁਣਾਈ ਸਜ਼ਾ 
ਘਟਨਾ ਦਸੰਬਰ 2018 ਦੀ ਹੈ। ਲੋਕਾਂ ਲਈ ਸੁਰੱਖਿਅਤ ਸਮਝੇ ਜਾਣ ਵਾਲੇ ਨਿਊਜ਼ੀਲੈਂਡ ਨੂੰ ਇਸ ਹੱਤਿਆਕਾਂਡ ਨੇ ਹਿਲਾ ਕੇ ਰੱਖ ਦਿੱਤਾ ਸੀ। ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਦਾ ਪਤਾ ਚੱਲ ਚੁੱਕਿਆ ਹੈ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਉਸ ਨੇ ਬ੍ਰਿਟੇਨ ਦੀ ਰਹਿਣ ਵਾਲੀ ਮਿਲਾਨੇ ਦੀ ਹੱਤਿਆ ਕਰ ਦਿੱਤੀ ਸੀ। ਉਹ ਉਸ ਨਾਲ ਡੇਟਿੰਗ ਐਪ ਟਿੰਡਰ 'ਤੇ ਮਿਲੀ ਸੀ। 28 ਸਾਲ ਦੇ ਦੋਸ਼ੀ ਨੂੰ 17 ਸਾਲ ਬਿਨਾਂ ਜ਼ਮਾਨਤ ਦੇ ਜੇਲ ਵਿਚ ਰਹਿਣਾ ਹੋਵੇਗਾ। ਜਾਣਕਾਰੀ ਮੁਤਾਬਕ ਮਿਲਾਨੇ ਆਪਣੀ ਗ੍ਰੈਜੁਏਸ਼ਨ ਦੇ ਬਾਅਦ ਦੁਨੀਆ ਘੁੰਮਣ ਲਈ ਨਿਕਲੀ ਸੀ, ਇਸੇ ਦੌਰਾਨ ਉਹ ਆਕਲੈਂਡ ਗਈ ਪਰ ਇੱਥੇ ਆਉਣ ਦੇ ਕੁਝ ਦਿਨ ਬਾਅਦ ਹੀ ਉਹ ਆਪਣੇ 22ਵੇਂ ਜਨਮਦਿਨ 'ਤੇ ਲਾਪਤਾ ਹੋ ਗਈ।

ਦੋਸ਼ੀ ਸ਼ਖਸ ਮਿਲਾਨੇ ਨਾਲ ਗਿਆ ਸੀ ਹੋਟਲ
ਮਿਲਾਨੇ ਆਪਣੇ ਜਨਮਦਿਨ ਦੀ ਸ਼ਾਮ ਪਹਿਲੀ ਵਾਰ ਦੋਸ਼ੀ ਸ਼ਖਸ ਨੂੰ ਮਿਲੀ ਸੀ। ਉਸੇ ਸ਼ਾਮ ਦੋਵੇਂ ਕਈ ਬਾਰ (bars)ਵਿਚ ਗਏ ਅਤੇ ਅਖੀਰ ਵਿਚ ਇਕ ਹੋਟਲ ਵਿਚ ਪਹੁੰਚੇ। ਦੋਸ਼ੀ ਨੇ ਕਿਹਾ ਸੀ ਕਿ ਮਿਲਾਨੇ ਦੀ ਮੌਤ ਸਰੀਰਕ ਸਬੰਧ ਬਣਾਉਂਦੇ ਸਮੇਂ ਉਸ ਦੀ ਗਲਤੀ ਕਾਰਨ ਹੀ ਹੋਈ ਸੀ।ਉਸ ਸਮੇਂ ਦੋਵੇਂ ਨਸ਼ੇ ਵਿਚ ਸਨ। ਭਾਵੇਂਕਿ ਕੋਰਟ ਨੇ ਉਸ ਦੀਆਂ ਇਹਨਾਂ ਗੱਲਾਂ ਨੂੰ ਖਾਰਿਜ ਕਰ ਦਿੱਤਾ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਸਿਮਨ ਮੂਰੇ ਨੇ ਦੋਸ਼ੀ ਸ਼ਖਸ ਦਾ ਨਾਮ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ
ਮੂਰੇ ਨੇ ਆਕਲੈਂਡ ਹਾਈਕੋਰਟ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀ ਨੇ ਮਿਲਾਨੇ 'ਤੇ ਕੋਈ ਹਮਦਰਦੀ ਨਹੀਂ ਦਿਖਾਈ ਜਦਕਿ ਉਹ ਇਕ ਅਜਨਬੀ ਸ਼ਹਿਰ ਵਿਚ ਉਸ ਦੇ ਅਣਜਾਣ ਹੋਣ ਦੇ ਬਾਵਜੂਦ ਉਸ ਨਾਲ ਮਿਲਣ ਆਈ ਸੀ। ਜੱਜ ਨੇ ਇਸ ਦੌਰਾਨ ਦੱਸਿਆ ਕਿ ਦੋਸ਼ੀ ਨੇ ਮਿਲਾਨੇ ਦੀ ਮੌਤ ਦੇ ਬਾਅਦ ਅਸ਼ਲੀਲ ਵੀਡੀਓ ਦੇਖੇ, ਮ੍ਰਿਤਕਾ ਦੀ ਲਾਸ਼ ਦੀਆਂ ਤਸਵੀਰਾਂ ਲਈਆਂ ਅਤੇ ਉਸੇ ਰਾਤ ਟਿੰਡਰ 'ਤੇ ਹੀ ਇਕ ਹੋਰ ਮਹਿਲਾ ਨਾਲ ਡੇਟ ਵੀ ਸੈੱਟ ਕਰ ਲਈ। ਨਿਊਜ਼ੀਲੈਂਡ ਵਿਚ ਉਮਰ ਕੈਦ ਦੀ ਸਜ਼ਾ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ 17 ਸਾਲ ਹੁੰਦੀ ਹੈ।

ਉੱਥੇ ਪੋਸਟਮਾਰਟਮ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਗ੍ਰੇਸ ਦੀ ਮੌਤ ਗਰਦਨ 'ਤੇ ਦਬਾਅ ਪੈਣ ਕਾਰਨ ਹੋਈ ਸੀ। ਉਸ ਦੀ ਮੌਤ ਦੇ ਇਕ ਹਫਤੇ ਬਾਅਦ ਉਸ ਦੀ ਲਾਸ਼ ਆਕਲੈਂਡ ਦੀ ਇਕ ਜਗ੍ਹਾ ਵਿਚ ਲੱਕੜ ਦੇ ਬਕਸੇ ਵਿਚ ਬਰਾਮਦ ਹੋਈ ਸੀ।

ਪਰਿਵਾਰ ਨੇ ਜ਼ਾਹਰ ਕੀਤਾ ਦੁੱਖ
ਗ੍ਰੇਸ ਮਿਲਾਨੇ ਦੇ ਪਰਿਵਾਰ ਨੇ ਸੁਣਵਾਈ ਦੌਰਾਨ ਕਾਫੀ ਦੁੱਖ ਜ਼ਾਹਰ ਕੀਤਾ। ਉਸ ਦੇ ਭਰਾ ਨੇ ਕਿਹਾ ਕਿ ਗ੍ਰੇਸ ਮਿਲਾਨੇ ਨੂੰ ਬਿਨਾਂ ਕਿਸੇ ਕਾਰਨ ਮਾਰਿਆ ਗਿਆ। ਉਸ ਦੀ ਮਾਂ ਦਾ ਕਹਿਣਾ ਹੈਕਿ ਉਹਨਾਂ ਨੇ ਨਾ ਸਿਰਫ ਆਪਣੀ ਬੇਟੀ ਸਗੋਂ ਸਭ ਤੋਂ ਚੰਗੀ ਦੋਸਤ ਗਵਾ ਦਿੱਤੀ। ਮਾਮਲੇ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਪਹਿਲਾਂ ਹੀ ਮੁਆਫੀ ਮੰਗ ਚੁੱਕੀ ਹੈ। 

Vandana

This news is Content Editor Vandana