ਚੀਨ ਦੇ 2 ਦਿਨਾ ਦੌਰੇ ''ਤੇ ਜਾਏਗੀ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨੈਯਾ ਮਾਹੂਤਾ

03/20/2023 4:30:26 PM

ਵੈਲਿੰਗਟਨ (ਭਾਸ਼ਾ)- ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨੈਯਾ ਮਾਹੂਤਾ ਇਸ ਹਫ਼ਤੇ ਆਪਣੀ ਫੇਰੀ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਕਿਨ ਕਾਂਗ ਨਾਲ ਮੁਲਾਕਾਤ ਕਰੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਰ ਸਾਲਾਂ ਵਿੱਚ ਨਿਊਜ਼ੀਲੈਂਡ ਦੇ ਕਿਸੇ ਮੰਤਰੀ ਦੀ ਚੀਨ ਦੀ ਇਹ ਪਹਿਲੀ ਯਾਤਰਾ ਹੋਵੇਗੀ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ, ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਮਾਸਕੋ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਚਿਨਫਿੰਗ ਦੀ ਇਹ ਯਾਤਰਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕੂਟਨੀਤਕ ਸਮਰਥਨ ਪ੍ਰਦਾਨ ਕਰ ਸਕਦੀ ਹੈ।

ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਘੋਸ਼ਣਾ ਕੀਤੀ ਸੀ ਕਿ ਉਹ ਕਥਿਤ ਜੰਗੀ ਅਪਰਾਧਾਂ ਲਈ ਉਨ੍ਹਾਂ 'ਤੇ ਮੁਕੱਦਮਾ ਚਲਾਉਣਾ ਚਾਹੁੰਦੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਰੂਸ ਨੂੰ ਲੈ ਕੇ ਨਿਊਜ਼ੀਲੈਂਡ ਦਾ ਸਟੈਂਡ ਅਟੱਲ ਹੈ। ਉਨ੍ਹਾਂ ਕਿਹਾ, "ਅਸੀਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸਪੱਸ਼ਟ ਤੌਰ 'ਤੇ ਵਿਰੁੱਧ ਹਾਂ। ਅਸੀਂ ਇਸ ਧਾਰਨਾ ਦਾ ਵੀ ਸਖ਼ਤ ਵਿਰੋਧ ਕਰਦੇ ਹਾਂ ਕਿ ਦੂਜੇ ਦੇਸ਼ ਯੂਕ੍ਰੇਨ 'ਤੇ ਰੂਸ ਦੇ ਗੈਰ-ਕਾਨੂੰਨੀ ਹਮਲੇ ਦਾ ਸਮਰਥਨ ਕਰ ਸਕਦੇ ਹਨ।' ਪਰ ਹਿਪਕਿਨਜ਼ ਨੇ ਕਿਹਾ ਕਿ ਫਿਰ ਵੀ ਕੋਵਿਡ-19 ਸਬੰਧੀ ਯਾਤਰਾ ਪਾਬੰਦੀਆਂ ਵਿਚ ਢਿੱਲ ਦੇ ਬਾਅਦ ਚੀਨ ਨਾਲ ਵਿਅਕਤੀਗਦ ਰੂਪ ਨਾਲ ਸਬੰਧ ਮੁੜ ਸਥਾਪਿਤ ਕਰਨ ਦਾ ਸਮਾਂ ਹੈ।

ਉਨ੍ਹਾਂ ਕਿਹਾ, ''ਚੀਨ ਦਾ ਨਿਊਜ਼ੀਲੈਂਡ ਨਾਲ ਬਹੁਤ ਮਹੱਤਵਪੂਰਨ ਰਿਸ਼ਤਾ ਹੈ ਅਤੇ ਸਪੱਸ਼ਟ ਤੌਰ 'ਤੇ ਪਿਛਲੇ ਕੁਝ ਸਾਲਾਂ ਤੋਂ ਨਿਊਜ਼ੀਲੈਂਡ ਅਤੇ ਚੀਨ ਵਿਚਾਲੇ ਕੂਟਨੀਤਕ ਪੱਧਰ 'ਤੇ ਯਾਤਰਾ ਪਾਬੰਦੀਆਂ ਰਹੀਆਂ ਹਨ। ਇਸ ਲਈ  ਇਹ ਮਹੱਤਵਪੂਰਨ ਹੋਵੇਗਾ ਕਿ ਅਸੀਂ ਦੁਬਾਰਾ ਗੱਲਬਾਤ ਲਈ ਵਿਅਕਤੀਗਤ ਮੌਕੇ ਪੈਦਾ ਕਰੀਏ।” ਮਾਹੂਤਾ ਨੇ ਕਿਹਾ ਕਿ ਚੀਨ ਨਾਲ ਨਿਊਜ਼ੀਲੈਂਡ ਦੇ ਰਿਸ਼ਤੇ ਗੁੰਝਲਦਾਰ ਅਤੇ ਵਿਆਪਕ ਹਨ, ਅਤੇ ਦੋਵਾਂ ਦੇਸ਼ਾਂ ਨੇ ਹਾਲ ਹੀ ਵਿੱਚ ਕੂਟਨੀਤਕ ਸਬੰਧਾਂ ਦੇ 50 ਸਾਲ ਪੂਰੇ ਕੀਤੇ ਹਨ। ਚੀਨ, ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਸ ਦੇ ਨਿਰਯਾਤਕ ਦੁੱਧ ਉਤਪਾਦ ਅਤੇ ਹੋਰ ਖੇਤੀ ਸਮੱਗਰੀ ਖਰੀਦਣ ਲਈ ਚੀਨ 'ਤੇ ਨਿਰਭਰ ਕਰਦੇ ਹਨ। ਮਾਹੂਤਾ ਦੇ ਮੰਗਲਵਾਰ ਨੂੰ ਚੀਨ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋਣ ਦੀ ਸੰਭਾਵਨਾ ਹੈ।

cherry

This news is Content Editor cherry