ਸੜਕ ਪਾਰ ਕਰਦਿਆਂ ਫੋਨ ਵਰਤਣ ਵਾਲਿਆਂ ''ਤੇ ਸ਼ਿਕੰਜਾ ਕੱਸਣ ਜਾ ਰਿਹੈ ਨਿਊਯਾਰਕ

05/22/2019 1:56:19 PM

ਵਾਸ਼ਿੰਗਟਨ— ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਸੜਕਾਂ 'ਤੇ ਚੱਲਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨਾ ਲੱਗ ਸਕਦਾ ਹੈ। ਨਿਊਯਾਰਕ ਅਸੈਂਬਲੀ 'ਚ ਹਾਲ ਹੀ 'ਚ ਇਸ ਨਾਲ ਜੁੜਿਆ ਇਕ ਬਿੱਲ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਪਾਸ ਹੋ ਜਾਂਦਾ ਹੈ ਤਾਂ ਕਾਨੂੰਨ ਤੋੜਨ ਵਾਲਿਆਂ ਨੂੰ 25 ਡਾਲਰ (ਤਕਰੀਬਨ 1742 ਰੁਪਏ) ਤੋਂ ਲੈ ਕੇ 250 ਡਾਲਰ (17 ਹਜ਼ਾਰ 419 ਰੁਪਏ) ਤਕ ਦਾ ਜੁਰਮਾਨਾ ਲੱਗ ਸਕਦਾ ਹੈ।

ਬਿੱਲ ਨੂੰ ਪਿਛਲੇ ਸਾਲ ਅਸੈਂਬਲੀ ਦੇ ਮੈਂਬਰ ਫੇਲਿਕਸ ਓਰਟੀਜ਼ ਨੇ ਪੇਸ਼ ਕੀਤਾ ਸੀ। ਇਸ ਬਿੱਲ 'ਚ ਹੀ ਜੁਰਮਾਨੇ ਦੀ ਰਕਮ ਵੀ ਤੈਅ ਕੀਤੀ ਗਈ ਸੀ। ਇਸ ਸਾਲ ਸੂਬੇ ਦੇ ਸੰਸਦ ਮੈਂਬਰ ਜਾਨ ਲਿਊ ਨੇ ਇਕ ਵਾਰ ਫਿਰ ਬਿੱਲ ਨੂੰ ਅੱਗੇ ਵਧਾਇਆ ਹੈ। ਲਿਊ ਮੁਤਾਬਕ ਨੌਜਵਾਨਾਂ 'ਚ ਸੜਕ 'ਤੇ ਤੁਰਦਿਆਂ ਹੋਇਆਂ ਮੋਬਾਇਲ ਦੀ ਵਰਤੋਂ ਕਰਨ ਦਾ ਵੱਖਰਾ ਹੀ ਟ੍ਰੈਂਡ ਬਣ ਰਿਹਾ ਹੈ। ਖਾਸ ਕਰ ਕੇ ਸੜਕ ਪਾਰ ਕਰਦੇ ਸਮੇਂ ਤਾਂ ਇਹ ਆਦਤ ਚਿੰਤਾਜਨਕ ਪੱਧਰ 'ਤੇ ਹੈ। ਅਸੀਂ ਨਿਊਯਾਰਕ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਉਨ੍ਹਾਂ ਨੂੰ ਫੋਨ 'ਤੇ ਜ਼ਰੂਰੀ ਕੰਮ ਹੈ ਤਾਂ ਫਿਰ ਉਹ ਇਕ ਪਾਸੇ ਕੁੱਝ ਸਮੇਂ ਲਈ ਰੁਕ ਜਾਣ ਤੇ ਗੱਲ ਕਰਨ ਮਗਰੋਂ ਹੀ ਸੜਕ ਪਾਰ ਕਰਨ ਕਿਉਂਕਿ ਕਾਹਲੀ 'ਚ ਦੁਰਘਟਨਾ ਵਾਪਰ ਸਕਦੀ ਹੈ। ਇਸ ਤਰ੍ਹਾਂ ਦਾ ਕਾਨੂੰਨ ਅਮਰੀਕੀ ਸ਼ਹਿਰ ਹੋਨਾਲੁਲੂ 'ਚ ਦੋ ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ ਅਤੇ ਉੱਥੇ ਪੈਦਲ ਜਾਣ ਵਾਲੇ ਯਾਤਰੀਆਂ ਦੀ ਮੌਤ ਦਰ 'ਚ ਕਮੀ ਆਈ ਹੈ। 

ਪਿਛਲੇ ਸਾਲ ਸੜਕ ਹਾਦਸਿਆਂ 'ਚ ਪੈਦਲ ਜਾਣ ਵਾਲੇ 6000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਕਾਰਨ ਇਹ ਹੀ ਸੀ ਕਿ ਲੋਕ ਸੜਕ 'ਤੇ ਤੁਰਦੇ ਹੋਏ ਵੀ ਫੋਨ 'ਤੇ ਹੀ ਧਿਆਨ ਦਿੰਦੇ ਹਨ ਜੋ ਹਾਨੀਕਾਰਕ ਹੈ।