ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਆਸਟਰੇਲੀਆ, ਤਸਵੀਰਾਂ ''ਚ ਦੇਖੋ ਨਵੇਂ ਸਾਲ ਦਾ ਜਸ਼ਨ

01/01/2017 11:01:46 AM

ਸਿਡਨੀ (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ''ਚ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ, ਜੋਸ਼-ਖਰੋਸ਼ ਅਤੇ ਨਵੀਆਂ ਉਮੰਗਾਂ ਨਾਲ ਕੀਤਾ ਗਿਆ। ਰਾਤ 12 ਵੱਜਦੇ ਸਾਰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਸਿਡਨੀ, ਮੈਲਬੌਰਨ, ਪਰਥ, ਐਡੀਲੇਡ ਅਤੇ ਬ੍ਰਿਸਬੇਨ ''ਚ ਆਤਿਸ਼ਬਾਜੀ ਕੀਤੀ ਗਈ।
ਸਿਡਨੀ— ਗੱਲ ਜੇਕਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਦੀ ਕੀਤੀ ਜਾਵੇ ਤਾਂ ਇੱਥੇ ਹਰ ਵਾਰੀ ਨਵੇਂ ਸਾਲ ਦਾ ਸਵਾਗਤ ਬਹੁਤ ਹੀ ਉਤਸ਼ਾਹ ਨਾਲ ਕੀਤਾ ਜਾਂਦਾ ਹੈ ਅਤੇ ਪੂਰੇ ਵਿਸ਼ਵ ਦੀ ਨਜ਼ਰ ਇੱਥੇ ਹੋਣ ਵਾਲੇ ਜਸ਼ਨਾਂ ''ਤੇ ਹੁੰਦੀ ਹੈ। ਇਸ ਖਾਸ ਮੌਕੇ ''ਤੇ ਸ਼ਹਿਰ ਦੀਆਂ ਦੋ ਪ੍ਰਮੁੱਖ ਥਾਂਵਾਂ ਹਾਰਬਰ ਬ੍ਰਿੱਜ ਅਤੇ ਓਪੇਰਾ ਹਾਊਸ ''ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਅਤੇ ਇਸ ਨੂੰ ਦੇਖਣ ਲਈ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਲੋਕ ਆਉਂਦੇ ਹਨ। ਇਸ ਵਾਰ ਹਾਰਬਰ ਬ੍ਰਿੱਜ ''ਤੇ 1.5 ਮਿਲੀਅਨ ਲੋਕ ਇੱਕਠੇ ਹੋਏ ਸਨ। ਲੋਕਾਂ ਦੀ ਇਹ ਭੀੜ ਇੱਥੇ ਸਵੇਰ ਤੋਂ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਇਹ ਲੋਕ ਦੇਰ ਰਾਤ ਤੱਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਲਈ ਰੁਕੇ ਰਹੇ। ਰਾਤ ਦੇ 12 ਵੱਜਦੇ ਸਾਰ ਹੀ ਇੱਥੇ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਅਤੇ ਸਾਰੇ ਲੋਕਾਂ ਨੇ ਖ਼ੁਸ਼ੀ ''ਚ ਖੀਵੇ ਹੋ ਕੇ ਇੱਕ-ਦੂਜੇ ਨੂੰ ਨਵੇਂ ਸਾਲ ਦੀ ਮੁਬਾਰਕਾਂ ਦਿੱਤੀਆਂ ਅਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਆਖਿਆ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਮੌਕੇ ਇੱਥੇ ਬੀਤੇ ਵਰ੍ਹੇ ''ਚ ਸਿਨੇਮਾ ਅਤੇ ਸੰਗੀਤ ਜਗਤ ਨੂੰ ਅਲਵਿਦਾ ਕਹਿ ਗਏ ਹਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਤੇ ਨਿਰਦੇਸ਼ਕ ਜੀਨ ਵਾਈਲਡਰ ਅਤੇ ਪ੍ਰਸਿੱਧ ਗਾਇਕ ਤੇ ਗੀਤਕਾਰ ਪ੍ਰਿੰਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੈਲਬੌਰਨ— ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਨਵੇਂ ਸਾਲ ਦੇ ਰੰਗ ਕਾਫੀ ਮਨਮੋਹਣੇ ਸਨ। ਦੱਸਣਯੋਗ ਹੈ ਕਿ ਇਸ ਸਾਲ ਸ਼ਹਿਰ ''ਚ ਆਤਿਸ਼ਬਾਜ਼ੀ ਵੱਡੇ ਪੱਧਰ ''ਤੇ ਕੀਤੀ ਗਈ। ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਸ਼ਹਿਰ ਦੀਆਂ ਵੱਖ-ਵੱਖ 22 ਛੱਤਾਂ ਤੋਂ 13.5 ਟਨ ਆਤਿਸ਼ਬਾਜ਼ੀ ਕੀਤੀ ਗਈ। ਅੱਤਵਾਦ ਹਮਲਿਆਂ ਦੇ ਮੱਦੇਨਜ਼ਰ ਸ਼ਹਿਰ ''ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। 
ਬ੍ਰਿਸਬੇਨ— ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ''ਚ ਸਾਊਥ ਬੈਂਕ ਅਤੇ ਹੈਮਿਲਟਨ ਵਿਖੇ ਵੀ ਬੀਤੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਦੇ ਸਵਾਗਤ ਲਈ ਰਾਸ਼ਟਰੀ ਮੀਡੀਆ ਦੇ ਹਵਾਲੇ ਅਨੁਸਾਰ 90 ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋਏ ਸਨ। ਰਾਤ ਦੇ 12 ਵੱਜਣ ਦੇ ਨਾਲ ਹੀ ਇੱਥੇ ਆਤਿਸ਼ਬਾਜ਼ੀ ਕੀਤੀ ਗਈ, ਜਿਸ ਪਿੱਛੋਂ ਲੋਕਾਂ ਨੇ ਇੱਕ-ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। 
ਇੱਥੇ ਵੀ ਇਹ ਦੱਸਣਾ ਬਣਦਾ ਹੈ ਕਿ ਦੇਸ਼ ਵਾਸੀ ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਦੀ ਆਮਦ ਤੱਕ ਪੂਰਾ ਹਫਤਾ ਛੁੱਟੀਆਂ ਮਨਾਉਂਦੇ ਹੋਏ ਖਰੀਦਦਾਰੀ ਕਰਦੇ ਰਹੇ ਅਤੇ ਤੋਹਫੇ, ਮਠਿਆਈਆਂ ਦਾ ਅਦਾਨ ਪ੍ਰਦਾਨ ਕਰਦੇ ਹੋਏ ਨਵੇਂ ਸਾਲ ਦੇ ਜਸ਼ਨ ਮਨਾਉਂਦੇ ਰਹੇ।ਨਵੇਂ ਸਾਲ ਦੀ ਆਮਦ ''ਤੇ ਬਹੁਤ ਸਾਰੇ ਲੋਕਾਂ ਗਿਰਜਾ ਘਰਾਂ ''ਚ ਪ੍ਰਾਰਥਾਨਾ ਸਭਾਵਾਂ ਕੀਤੀਆਂ ਗਈਆਂ। ਉੱਥੇ ਹੀ ਦੇਸ਼ ਦੇ ਵੱਖ-ਵੱਖ ਕੋਨਿਆਂ ਵੱਸਦੇ ਭਾਰਤੀ ਭਾਈਚਾਰੇ ਦੇ ਲੋਕ ਇਸ ਖਾਸ ਮੌਕੇ ''ਤੇ ਮੰਦਰਾਂ ਅਤੇ ਗੁਰਦੁਆਰਿਆਂ ਵਿਖੇ ਨਤਮਸਤਕ ਹੋਏ।