ਨਿਊ ਸਾਊਥ ਵੇਲਜ਼ 'ਚ ਨਵਾਂ ਨਿਯਮ, ਤੋੜਨ 'ਤੇ 3 ਮਹੀਨੇ ਨਹੀਂ ਚਲਾ ਸਕੋਗੇ ਗੱਡੀ

05/07/2019 11:47:16 AM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਜੇਕਰ ਹੁਣ ਇਕ ਪੈੱਗ ਲਾ ਕੇ ਵੀ ਡਰਾਈਵਿੰਗ ਕੀਤੀ ਤਾਂ ਤੁਹਾਡਾ ਲਾਇੰਸੈਂਸ ਰੱਦ ਹੋ ਜਾਵੇਗਾ ਤੇ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਨਿਊ ਸਾਊਥ ਵੇਲਜ਼ 'ਚ ਜਲਦ ਹੀ ਇਸ ਸੰਬੰਧੀ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ। ਹਲਕੀ ਡ੍ਰਿੰਕ ਲਾ ਕੇ ਵੀ ਗੱਡੀ ਚਲਾਉਂਦੇ ਫੜ੍ਹੇ ਗਏ ਤਾਂ ਤੁਹਾਡਾ ਡਰਾਈਵਿੰਗ ਲਾਇੰਸੈਂਸ ਰੱਦ ਕਰ ਦਿੱਤਾ ਜਾਵੇਗਾ।

 

 

ਇਹ ਨਿਯਮ 20 ਮਈ ਤੋਂ ਲਾਗੂ ਹੋਵੇਗਾ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਹਲਕੀ ਡ੍ਰਿੰਕ ਲਾਉਣ ਵਾਲੇ ਵੀ ਪੁਲਸ ਦੇ ਅੜਿੱਕੇ ਚੜ੍ਹਨਗੇ। ਹੁਣ ਤਕ ਬਹੁਤੀ ਡ੍ਰਿੰਕ 'ਚ ਹੋਸ਼ ਖੋਹਣ ਵਾਲੇ ਹੀ ਕਾਰਵਾਈ ਦਾ ਸ਼ਿਕਾਰ ਹੁੰਦੇ ਸਨ। ਨਿਯਮਾਂ ਮੁਤਾਬਕ, ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਖਾ ਕੇ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਨੂੰ 561 ਡਾਲਰ ਦਾ ਜੁਰਮਾਨਾ ਹੋਵੇਗਾ ਤੇ ਡਰਾਈਵਿੰਗ ਲਾਇੰਸੈਂਸ 3 ਮਹੀਨਿਆਂ ਤਕ ਲਈ ਰੱਦ ਕਰ ਦਿੱਤਾ ਜਾਵੇਗਾ।

ਟਰਾਂਸਪੋਰਟ ਮੰਤਰੀ ਐਂਡਰੀਓ ਕੋਨਸਟੇਨਸ ਨੇ ਦੱਸਿਆ ਕਿ ਪਿਛਲੇ ਸਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਕਾਰਨ 68 ਲੋਕਾਂ ਦੀ ਮੌਤ ਹੋ ਗਈ ਸੀ, ਇਸੇ ਲਈ ਇਹ ਸਖਤ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਸਾਰੇ ਦੇਸ਼ ਨਾਲੋਂ ਵਧ ਨਿਊ ਸਾਊਥ ਵੇਲਜ਼ 'ਚ ਅਜਿਹੇ ਹਾਦਸੇ ਵਾਪਰਦੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਜਦ ਦੁਰਘਟਨਾਵਾਂ ਦੇ ਦੋਸ਼ੀਆਂ ਨੂੰ ਅਦਾਲਤਾਂ 'ਚ ਲਿਜਾਇਆ ਜਾਂਦਾ ਹੈ ਤਾਂ ਉੱਥੇ 56 ਫੀਸਦੀ ਲੋਕ ਤਾਂ ਘੱਟ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦਾ ਸਬੂਤ ਦਿਖਾ ਕੇ ਬਚ ਜਾਂਦੇ ਸਨ। ਉਨ੍ਹਾਂ ਨੂੰ ਨਾ ਕੋਈ ਜੁਰਮਾਨਾ ਲੱਗਦਾ ਸੀ ਤੇ ਨਾ ਹੀ ਲਾਇਸੈਂਸ ਰੱਦ ਹੁੰਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਸੜਕ ਹਾਦਸਿਆਂ 'ਚ ਕਮੀ ਆਵੇਗੀ।