ਆਮ ਚੋਣਾਂ : ਹਾਫਿਜ਼ ਸਈਦ ਨੇ ਬਣਾਈ ਨਵੀਂ ਪਾਰਟੀ, ਮੈਦਾਨ 'ਚ ਉਤਰੇ ਪੁੱਤਰ ਤੇ ਜਵਾਈ

02/05/2024 1:30:39 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਮਰਕਜ਼ੀ ਮੁਸਲਿਮ ਲੀਗ ਨਾਂ ਦੀ ਇਕ ਨਵੀਂ ਪਾਰਟੀ ਚੋਣ ਮੈਦਾਨ ਵਿਚ ਉਤਰੀ ਹੈ, ਜਿਸ ਨੂੰ 2008 ਦੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਪਾਰਟੀ ਮੰਨਿਆ ਜਾ ਰਿਹਾ ਹੈ, ਜੋ ਪਾਬੰਦੀਆਂ ਤੋਂ ਬਚਣ ਲਈ ਇੱਕ ਨਵੇਂ ਰੂਪ ਵਿੱਚ ਉਭਰੀ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬੀਬੀਸੀ ਉਰਦੂ ਦੀ ਇੱਕ ਖ਼ਬਰ ਮੁਤਾਬਕ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਸ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਵਿੱਚੋਂ ਕੁਝ ਅਜਿਹੇ ਹਨ ਜੋ ਜਾਂ ਤਾਂ ਹਾਫ਼ਿਜ਼ ਸਈਦ ਦੇ ਰਿਸ਼ਤੇਦਾਰ ਹਨ ਜਾਂ ਅਤੀਤ ਵਿਚ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ, ਜਮਾਤ-ਉਦ-ਦਾਵਾ ਜਾਂ ਮਿੱਲੀ ਮੁਸਲਿਮ ਲੀਗ ਨਾਲ ਜੁੜੇ ਰਹੇ ਹਨ।

ਇਹ ਵੀ ਪੜ੍ਹੋ: ਜੇਕਰ ਈਰਾਨ ਸਮਰਥਿਤ ਗੈਰ-ਫ਼ੌਜੀ ਲੜਾਕਿਆਂ ਨੇ ਹਮਲੇ ਜਾਰੀ ਰੱਖੇ ਤਾਂ ਫਿਰ ਕੀਤੀ ਜਾਵੇਗੀ ਜਵਾਬੀ ਕਾਰਵਾਈ: ਅਮਰੀਕਾ

ਲਾਹੌਰ ਦੀ ਇਕ ਜੇਲ੍ਹ 'ਚ ਬੰਦ ਸਈਦ ਨੂੰ ਪਾਕਿਸਤਾਨ ਦੀਆਂ ਅੱਤਵਾਦ ਰੋਕੂ ਅਦਾਲਤਾਂ ਨੇ ਅੱਤਵਾਦ ਨੂੰ ਵਿੱਤ ਪੋਸ਼ਣ ਦੇ ਕਈ ਮਾਮਲਿਆਂ 'ਚ ਕੁੱਲ 31 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ 10 ਦਸੰਬਰ 2008 ਨੂੰ ਸੰਯੁਕਤ ਰਾਸ਼ਟਰ ਵੱਲੋਂ 'ਗਲੋਬਲ ਅੱਤਵਾਦੀਆਂ' ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ, ਜਮਾਤ ਉਦ ਦਾਵਾ (JUD) ਅਤੇ ਇਸ ਦੇ ਸਹਿਯੋਗੀ ਸੰਗਠਨਾਂ ਅਤੇ ਸੰਸਥਾਵਾਂ ਨੂੰ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। JuD ਵਿੱਚ ਖੈਰ ਨਾਸ ਇੰਟਰਨੈਸ਼ਨਲ ਟਰੱਸਟ, ਫਲਾਹ ਇੰਸਾਨੀਅਤ ਫਾਊਂਡੇਸ਼ਨ, ਅਲ-ਅੰਫਾਲ ਟਰੱਸਟ, ਖਮਤਾਬ ਖਾਲਿਕ ਇੰਸਟੀਚਿਊਟ, ਅਲ-ਦਾਵਤ ਅਲ-ਅਰਸ਼ਦ, ਅਲ-ਹਮਦ ਟਰੱਸਟ, ਅਲ-ਮਦੀਨਾ ਫਾਊਂਡੇਸ਼ਨ ਅਤੇ ਮਿਉ ਅਜ਼ ਬਿਨ ਜਬਲ ਐਜੂਕੇਸ਼ਨਲ ਟਰੱਸਟ ਸ਼ਾਮਲ ਹਨ।

ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਵੀ ਹੋਏ ਬਚਪਨ 'ਚ ਨਸਲਵਾਦ ਦਾ ਸ਼ਿਕਾਰ, ਪਹਿਲੀ ਵਾਰ ਬਿਆਨ ਕੀਤਾ ਦਰਦ

ਪਾਕਿਸਤਾਨ ਵਿਚ ਧਾਰਮਿਕ ਪਾਰਟੀਆਂ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਰਕਜ਼ੀ ਮੁਸਲਿਮ ਲੀਗ ਸਈਦ ਦੇ ਸੰਗਠਨ JUD ਦਾ 'ਨਵਾਂ ਸਿਆਸੀ ਚਿਹਰਾ' ਹੈ। ਹਾਲਾਂਕਿ, ਪਾਰਟੀ ਦੇ ਇਕ ਬੁਲਾਰੇ ਨੇ ਸਈਦ ਦੇ ਸੰਗਠਨਾਂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ। ਖ਼ਬਰਾਂ ਮੁਤਾਬਕ ਸਈਦ ਦਾ ਪੁੱਤਰ ਹਾਫਿਜ਼ ਤਲਹਾ ਸਈਦ ਮਰਕਜ਼ੀ ਮੁਸਲਿਮ ਲੀਗ ਪਾਰਟੀ ਦੀ ਤਰਫੋਂ ਚੋਣ ਲੜ ਰਿਹਾ ਹੈ ਅਤੇ ਉਸ ਨੇ ਲਾਹੌਰ ਤੋਂ ਨੈਸ਼ਨਲ ਅਸੈਂਬਲੀ ਦੇ ਹਲਕਾ ਨੰਬਰ ਐੱਨ.ਏ.-122 ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਤੇ ਸਾਬਕਾ ਸੰਘੀ ਮੰਤਰੀ ਖਵਾਜਾ ਸਾਦ ਰਫੀਕ ਇਸ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸਈਦ ਦਾ ਜਵਾਈ ਹਾਫਿਜ਼ ਨੇਕ ਗੁੱਜਰ ਮਰਕਜੀ ਮੁਸਲਿਮ ਲੀਗ ਦੀ ਟਿਕਟ 'ਤੇ ਸੂਬਾਈ ਵਿਧਾਨ ਸਭਾ ਹਲਕੇ ਪੀਪੀ-162 ਤੋਂ ਚੋਣ ਲੜ ਰਿਹਾ ਹੈ। 

ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪ੍ਰਵਾਸੀ ਛੱਡ ਰਹੇ ਹਨ ਕੈਨੇਡਾ, ਪਹੁੰਚਣ ਦੇ 3 ਤੋਂ 7 ਸਾਲਾਂ ਦੇ ਵਿਚਕਾਰ ਦੇਸ਼ ਛੱਡਣ ਦੀ ਸੰਭਾਵਨਾ ਜ਼ਿਆਦਾ

ਪਹਿਲਾਂ ਵੀ ਜਮਾਤ-ਉਦ-ਦਾਵਾ ਨਾਲ ਜੁੜੇ ਕੁਝ ਲੋਕਾਂ ਨੇ 'ਮਿਲੀ ਮੁਸਲਿਮ ਲੀਗ' ਪਾਰਟੀ ਦੀ ਤਰਫੋਂ 2018 ਦੀਆਂ ਚੋਣਾਂ 'ਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਰਕਾਰ ਦੇ ਵਿਰੋਧ ਦੇ ਬਾਅਦ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਰਜਿਸਟਰੇਸ਼ਨ ਲਈ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਅਰਜ਼ੀ ਖਾਰਜ ਹੋਣ ਤੋਂ ਬਾਅਦ ਪਾਰਟੀ ਦੇ ਉਮੀਦਵਾਰਾਂ ਨੇ ‘ਅੱਲ੍ਹਾਹੂ ਅਕਬਰ’ ਤਹਿਰੀਕ ਨਾਮ ਦੀ ਅਣਪਛਾਤੀ ਪਾਰਟੀ ਤੋਂ ਚੋਣ ਲੜੀ ਸੀ, ਪਰ ਸਾਰੇ ਹਾਰ ਗਏ ਸਨ। ਪਾਕਿਸਤਾਨ 'ਚ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ 'ਚ 'ਮਿਲੀ ਮੁਸਲਿਮ ਲੀਗ' ਦਾ ਨਾਂ ਸ਼ਾਮਲ ਨਹੀਂ ਸੀ ਪਰ 2018 'ਚ ਅਮਰੀਕਾ ਦੇ ਵਿੱਤ ਵਿਭਾਗ ਨੇ ਵਿਦੇਸ਼ ਵਿਭਾਗ ਦੀ ਮਨਜ਼ੂਰੀ ਨਾਲ ਇਸ ਪਾਰਟੀ ਨੂੰ ਪਾਬੰਦੀਸ਼ੁਦਾ ਐਲਾਨ ਦਿੱਤਾ ਸੀ ਅਤੇ ਇਸ ਨਾਲ ਜੁੜੇ 7 ਲੋਕਾਂ ਨੂੰ 'ਗਲੋਬਲ ਅੱਤਵਾਦੀਆਂ' ਦੀ ਸੂਚੀ 'ਚ ਪਾ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ: 2018 ਤੋਂ ਹੁਣ ਤੱਕ ਵਿਦੇਸ਼ਾਂ 'ਚ 403 ਭਾਰਤੀ ਵਿਦਿਆਰਥੀਆਂ ਦੀ ਮੌਤ, ਕੈਨੇਡਾ 'ਚ ਸਭ ਤੋਂ ਵੱਧ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry