ਬੀਮਾਰੀ ਕਾਰਨ 16-16 ਘੰਟੇ ਤੱਕ ਸੌਂਦੀ ਸੀ ਕੁੜੀ, ਕੋਰੋਨਾ ਅਤੇ ਕਸਰਤ ਨੇ ਇੰਝ ਬਦਲੀ ਜ਼ਿੰਦਗੀ

11/10/2020 5:57:41 PM

ਐਮਸਟਰਡਮ (ਬਿਊਰੋ): ਦੁਨੀਆ ਵਿਚ ਲੋਕ ਅਜੀਬੋ-ਗਰੀਬ ਬੀਮਾਰੀਆਂ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਫਿਟਨੈੱਸ ਇੰਸਟ੍ਰਕਟਰ ਬੇਲੀ ਹੱਟ ਇਕ ਬਹੁਤ ਹੀ ਅਜੀਬੋ-ਗਰੀਬ ਬੀਮਾਰੀ ਨਾਲ ਜੂਝ ਰਹੀ ਹੈ। ਉਹ ਸਾਲ 2012 ਤੋਂ ਹੀ ਨਾਰਕੋਲੇਪਸੀ ਨਾਮ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਦੇ ਕਾਰਨ ਉਸ ਨੂੰ ਦਿਨ ਵਿਚ ਕਈ-ਕਈ ਵਾਰ ਨੀਂਦ ਆਉਂਦੀ ਸੀ ਪਰ ਫਿਟਨੈੱਸ ਅਤੇ ਕੋਰੋਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।

ਬੇਲੀ ਨੂੰ ਨਾਰਕੋਲੇਪਸੀ ਦੇ ਕਾਰਨ ਲਗਾਤਾਰ ਨੀਂਦ ਦੇ ਅਟੈਕ ਆਉਂਦੇ ਸਨ, ਜਿਸ ਕਾਰਨ ਉਹ ਸਕੂਲ, ਪ੍ਰੀਖਿਆ, ਕੈਂਟੀਨ, ਘਰ ਮਤਲਬ ਕਿਤੇ ਵੀ ਸੌਂ ਜਾਂਦੀ ਸੀ। ਉਹ ਦਿਨ ਵਿਚ 16-16 ਘੰਟੇ ਤੱਕ ਸੌਂ ਚੁਕੀ ਹੈ। ਬੇਲੀ ਨੇ ਕਿਹਾ ਕਿ ਇਸ ਬੀਮਾਰੀ ਕਾਰਨ ਉਸ ਨੂੰ ਕਈ ਵਾਰ ਸ਼ਰਮਿੰਦਾ ਹੋਣਾ ਪੈਂਦਾ ਸੀ ਕਿਉਂਕਿ ਉਸ ਦੇ ਆਲੇ-ਦੁਆਲੇ ਦੇ ਲੋਕ ਉਸ ਦੇ ਹਾਲਾਤ ਨੂੰ ਸਮਝ ਨਹੀਂ ਪਾਉਂਦੇ ਸਨ। ਜਦੋਂ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੌਂ ਜਾਂਦੀ ਸੀ ਤਾਂ ਲੋਕ ਬਹੁਤ ਹੈਰਾਨ ਹੋ ਜਾਂਦੇ ਸਨ। ਬੇਲੀ ਨੇ ਦੱਸਿਆ ਕਿ ਉਸ ਨੇ ਇਸ ਬੀਮਾਰੀ ਦੇ ਕਾਰਨ 16 ਸਾਲ ਦੀ ਉਮਰ ਵਿਚ ਸਕੂਲ ਛੱਡ ਦਿੱਤਾ ਸੀ। 

ਉਹ ਪਹਿਲਾਂ ਇੰਟੀਰੀਅਰ ਡਿਜ਼ਾਈਨਰ ਦੀ ਪੜ੍ਹਾਈ ਕਰਨ ਲਈ ਯੂਨੀਵਰਸਿਟੀ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਅਹਿਸਾਸ ਹੋਇਆ ਸੀ ਕਿ ਸ਼ਾਇਦ ਉਹ ਅਜਿਹਾ ਨਹੀਂ ਕਰ ਪਾਵੇਗੀ। ਬੇਲੀ ਨੂੰ ਇਹ ਅਹਿਸਾਸ ਵੀ ਹੋ ਗਿਆ ਸੀ ਕਿ ਉਹ 9 ਤੋਂ 5 ਦੀ ਜੌਬ ਵਿਚ ਵੀ ਕੰਮ ਨਹੀਂ ਕਰ ਪਾਵੇਗੀ। ਇਸ ਬੀਮਾਰੀ ਦੇ ਕਾਰਨ ਬੇਲੀ ਕਾਫੀ ਤਣਾਅ ਵਿਚ ਰਹਿਣ ਲੱਗੀ ਸੀ। ਭਾਵੇਂਕਿ ਇਕ ਦਿਨ ਬੇਲੀ ਨੇ ਦੌੜ ਲਗਾਉਣ ਦਾ ਫ਼ੈਸਲਾ ਲਿਆ ਅਤੇ ਜਦੋਂ ਉਹ ਵਾਪਸ ਪਰਤੀ ਤਾਂ ਬੇਲੀ ਦੀ ਮਾਂ ਉਸ ਨੂੰ ਦੇਖ ਕੇ ਹੈਰਾਨ ਸੀ ਕਿਉਂਕਿ ਲੰਬੇ ਸਮੇਂ ਬਾਅਦ ਬੇਲੀ ਕਾਫੀ ਐਕਟਿਵ ਲੱਗ ਰਹੀ ਸੀ। ਉਸ ਦੇ ਬਾਅਦ ਤੋਂ ਹੀ ਬੇਲੀ ਨੂੰ ਅਹਿਸਾਸ ਹੋ ਗਿਆ ਕਿ ਉਹ ਐਕਸਰਸਾਈਜ਼ ਨੂੰ ਲੈਕੇ ਹੀ ਆਪਣਾ ਕਰੀਅਰ ਬਣਾਏਗੀ। ਕਿਉਂਕਿ ਐਕਸਰਸਾਈਜ਼ ਦੇ ਸਹਾਰੇ ਹੀ ਉਸ ਦੀ ਸਿਹਤ ਚੰਗੀ ਹੋ ਰਹੀ ਸੀ ਅਤੇ ਉਹ ਆਪਣੀ ਬੀਮਾਰੀ  ਨਾਲ ਵੀ ਲੜ ਪਾ ਰਹੀ ਸੀ। 

ਪਰ ਬੇਲੀ ਨੂੰ ਜਿਮ ਵਿਚ ਟ੍ਰੇਨਰ ਤੇ ਦੌਰ 'ਤੇ ਵੀ ਕੁਝ ਪਰੇਸ਼ਾਨੀਆਂ ਵਿਚੋਂ ਲੰਘਣਾ ਪਿਆ। ਭਾਵੇਂਕਿ ਐਕਸਰਸਾਈਜ਼ ਦੇ ਕਾਰਨ ਉਸ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਸਨ ਪਰ ਨਾਰਕੋਲੇਪਸੀ ਦੇ ਕਾਰਨ ਹੁਣ ਉਸ ਨੂੰ ਜਿਮ ਵਿਚ ਕਦੇ-ਕਦੇ ਸਲੀਪ ਅਟੈਕ ਆਉਂਦੇ ਸਨ। ਫਿਰ ਜਿੱਥੇ ਤਾਲਾਬੰਦੀ ਕਈ ਲੋਕਾਂ ਦੇ ਲਈ ਮੁਸੀਬਤ ਬਣੀ, ਉੱਥੇ ਬੇਲੀ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੋਈ। ਬੇਲੀ ਨੇ ਤਾਲਾਬੰਦੀ ਦੇ ਦੌਰਾਨ ਆਪਣੇ ਆਨਲਾਈਨ ਫਿਟਨੈੱਸ ਸੈਸ਼ਨ ਸ਼ੁਰੂ ਕੀਤੇ।

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਬਾਈਡੇਨ ਨੂੰ ਜਿੱਤ ਦੀ ਵਧਾਈ ਦੇਣ ਤੋਂ ਕੀਤਾ ਇਨਕਾਰ, ਦੱਸੀ ਇਹ ਵਜ੍ਹਾ

ਇਹਨਾਂ ਸੈਸ਼ਨਾਂ ਦਾ ਫ਼ਾਇਦਾ ਇਹ ਹੋਇਆ ਕਿ ਉਸ ਦੀ ਕਮਾਈ ਵਿਚ ਵਾਧਾ ਹੋਇਆ ਅਤੇ ਉਹ ਘਰ ਵਿਚ ਹੀ ਆਪਣੇ ਸੌਣ ਦੇ ਸ਼ੇਡਊਲ ਨੂੰ ਵੀ ਠੀਕ ਨਾਲ ਜਾਰੀ ਰੱਖ ਪਾ ਰਹੀ ਸੀ। ਅਜਿਹੇ ਵਿਚ ਕੋਰੋਨਾ ਅਤੇ ਐਕਸਰਸਾਈਜ਼ ਨੇ ਉਸ ਦੀ ਜ਼ਿੰਦਗੀ 'ਤੇ ਕਾਫੀ ਸਕਰਾਤਮਕ ਅਸਰ ਪਾਇਆ। ਬੇਲੀ ਫਿਲਹਾਲ ਆਪਣੇ ਬੁਆਏਫ੍ਰੈਂਡ ਦੇ ਨਾਲ ਐਮਸਟਰਡਮ ਵਿਚ ਹੈ। ਬੇਲੀ ਇੱਥੋਂ ਹੀ ਆਪਣੇ ਆਨਲਾਈਨ ਫਿਟਨੈੱਸ ਸੈਸ਼ਨ ਚਲਾਉਂਦੀ ਹੈ। ਬੇਲੀ ਨੂੰ ਹੁਣ ਵੀ ਦਿਨ ਵਿਚ ਕਈ ਵਾਰ ਸੌਣ ਦੀ ਲੋੜ ਪੈਂਦੀ ਹੈ ਪਰ ਉਹ ਮੰਨਦੀ ਹੈ ਕਿ ਐਕਸਰਸਾਈਜ਼ ਦੇ ਕਾਰਨ ਉਸ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ ਅਤੇ ਹੁਣ ਉਹ ਇਸ ਬੀਮਾਰੀ ਨਾਲ ਜੂਝ ਰਹੇ ਬਾਕੀ ਲੋਕਾਂ ਨੂੰ ਵੀ  ਪ੍ਰੇਰਿਤ ਕਰਦੀ ਹੈ।

Vandana

This news is Content Editor Vandana