ਨੇਪਾਲੀ PM ਨੂੰ ਕੋਰੋਨਾ ਦਾ ਡਰ, ਤਿੰਨ ਖਾਸ ਸਲਾਹਕਾਰ ਨਿਕਲੇ ਕੋਰੋਨਾ ਪਾਜ਼ੇਟਿਵ

10/03/2020 7:41:54 PM

ਕਾਠਮੰਡੂ-ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਕੋਰੋਨਾ ਵਾਇਰਸ ਦਾ ਡਰ ਸਤਾਉਣ ਲੱਗਿਆ ਹੈ। ਉਸ ਦੇ ਤਿੰਨ ਖਾਸ ਸਲਾਹਕਾਰਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਓਲੀ ਵੀ ਜਲਦ ਹੀ ਆਪਣਾ ਕੋਰੋਨਾ ਟੈਸਟ ਕਰਵਾ ਸਕਦੇ ਹਨ। ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਹਾਲ ਦੇ ਦਿਨਾਂ ’ਚ ਇਨ੍ਹਾਂ ’ਚੋਂ ਕਿਸੇ ਦੀ ਵੀ ਪੀ.ਐੱਮ. ਓਲੀ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ। ਨੇਪਾਲ ’ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਤੱਕ ਇਸ ਦੇਸ਼ ’ਚ 84,570 ਲੋਕ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ ਜਦਕਿ 528 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੀ.ਐੱਮ. ਦੇ ਤਿੰਨ ਖਾਸ ਸਲਾਹਕਾਰ ਪਾਜ਼ੇਟਿਵ
ਨੇਪਾਲੀ ਮੀਡੀਆ ਮਾਇਰਿਪਬਲਿਕਾ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਆਯੋਜਿਤ ਆਰ.ਟੀ.-ਪੀ.ਸੀ.ਆਰ. ਟੈਸਟ ’ਚ ਪੀ.ਐੱਮ. ਓਲੀ ਦੇ ਮੁੱਖ ਸਲਾਹਕਾਰ ਬਿਸ਼ਣੁ ਰਿਮਲ, ਪ੍ਰੈੱਸ ਸਲਾਹਕਾਰ ਸੂਰਯ ਥਾਪਾ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਰਾਜਨ ਭੱਟਰਾਈ ਦਾ ਕੋਰੋਨਾ ਵਾਇਰਸ ਟੈਸਟ ਰਿਪੋਰਟ ਪਾਜ਼ੇਟਿਵ ਆਇਆ ਹੈ। ਤਿੰਨ ਸਲਾਹਕਾਰਾਂ ਨੇ ਸੋਸ਼ਲ ਮੀਡੀਆ ’ਚ ਪੋਸਟ ਲਿਖ ਕੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।

ਤਿੰਨ ਸਲਾਹਕਾਰਾਂ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ
ਪੀ.ਐੱਮ. ਓਲੀ ਦੇ ਮੁੱਖ ਸਲਾਹਕਾਰ ਬਿਸ਼ਣੁ ਰਿਮਲ ਨੇ ਟਵੀਟ ਕਰ ਕਿਹਾ ਕਿ ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਨੇ ਆਪਣੇ ਸੰਪਰਕ ’ਚ ਆਏ ਲੋਕਾਂ ਨੂੰ ਸਾਵਧਾਨ ਅਤੇ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਉੱਥੇ ਪ੍ਰੈੱਸ ਸਲਾਹਕਾਰ ਸੂਰਯ ਥਾਪਾ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਕੱਲ ਆਯੋਜਿਤ ਆਰ.ਟੀ.-ਪੀ.ਸੀ.ਆਰ. ਟੈਸਟ ’ਚ ਮੇਰੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਰਾਜਨ ਭੱਟਰਾਈ ਨੇ ਵੀ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ।

ਨੇਪਾਲ ’ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ
ਨੇਪਾਲ ’ਚ ਰੋਜ਼ਾਨਾ ਲਗਭਗ 2500 ਦੇ ਕਰੀਬ ਕੋਰੋਨਾ ਵਾਇਰਸ ਦੇ ਮਰੀਜ਼ ਮਿਲ ਰਹੇ ਹਨ। ਸਰਕਾਰੀ ਹਸਪਤਾਲਾਂ ’ਚ ਖਰਾਬ ਸੁਵਿਧਾਵਾਂ ਅਤੇ ਟੈਸਟ ਦੀ ਹੌਲੀ ਰਫਤਾਰ ਨੇ ਵੀ ਨੇਪਾਲ ’ਚ ਕੋਰੋਨਾ ਇਨਫੈਕਸ਼ਨ ਦੀ ਸਮੱਸਿਆ ਨੂੰ ਹੋਰ ਖਤਰਨਾਕ ਬਣਾ ਦਿੱਤਾ ਹੈ। ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਨੇਪਾਲ ਨੇ ਆਪਣੇ ਸੈਰ-ਸਪਾਟਾ ਉਦਯੋਗ ਨੂੰ ਬਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਸੈਰ-ਸਪਾਟਾ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਸਾਰਾ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਨੇਪਾਲ 17 ਅਕਤੂਬਰ ਨੂੰ ਸੈਰ-ਸਪਾਟੇ ਲਈ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਜਦ ਵਪਾਰਕ ਉਡਾਣਾਂ ਅੰਤਰਰਾਸ਼ਟਰੀ ਖੇਤਰ ’ਚ ਬਹਾਲ ਹੋ ਜਾਵੇਗੀ।

Karan Kumar

This news is Content Editor Karan Kumar