ਹੜ੍ਹ ਦੀ ਮਾਰ ਝੱਲ ਰਹੇ ਨੇਪਾਲ ਨੇ ਕੌਮਾਂਤਰੀ ਏਜੰਸੀਆਂ ਕੋਲੋਂ ਮੰਗੀ ਮਦਦ

07/15/2019 2:21:16 PM

ਕਾਠਮੰਡੂ— ਹੜ੍ਹ ਦੀ ਮਾਰ ਝੱਲ ਰਹੇ ਨੇਪਾਲ ਨੇ ਕੌਮਾਂਤਰੀ ਏਜੰਸੀਆਂ ਕੋਲੋਂ ਮਦਦ ਦੀ ਮੰਗ ਕੀਤੀ ਹੈ ਕਿਉਂਕਿ ਹੜ੍ਹ ਦੇ ਪਾਣੀ ਕਾਰਨ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ। ਇਸ ਲਈ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਲਈ ਮਦਦ ਮੰਗੀ ਗਈ ਹੈ। ਨੇਪਾਲ 'ਚ ਵੀਰਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਇੱਥੇ ਹੜ੍ਹ ਆ ਗਿਆ ਸੀ ਤੇ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ। ਇੱਥੇ ਲਗਭਗ 25 ਜ਼ਿਲਿਆਂ ਅਤੇ 10,385 ਲੋਕ ਪ੍ਰਭਾਵਿਤ ਹੋਏ। ਇੱਥੇ 35 ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਜਾਰੀ ਹਨ।

ਐਤਵਾਰ ਨੂੰ ਕੌਮਾਂਤਰੀ ਏਜੰਸੀਆਂ ਦੇ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ਹੋਈ ਤਾਂ ਕਿ ਪਤਾ ਲੱਗ ਸਕੇ ਕਿ ਹੜ੍ਹ ਕਾਰਨ ਕਿੰਨਾ ਕੁ ਨੁਕਸਾਨ ਪੁੱਜਾ ਹੈ ਅਤੇ ਲੋਕਾਂ ਦੀ ਮਦਦ ਲਈ ਕੀ-ਕੀ ਕੀਤਾ ਜਾ ਸਕਦਾ ਹੈ। ਇਸ ਮੀਟਿੰਗ 'ਚ ਵਿਸ਼ਵ ਸਿਹਤ ਸੰਗਠਨ (ਨੇਪਾਲ ਦਫਤਰ), ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਅਤੇ ਹੋਰ ਕਈ ਏਜੰਸੀਆਂ ਨੇ ਹੜ੍ਹ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਗੱਲਬਾਤ ਕੀਤੀ। ਸਿਹਤ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕੌਮਾਂਤਰੀ ਸਾਂਝੀਦਾਰ ਏਜੰਸੀਆਂ ਨੂੰ ਹੜ੍ਹ ਦੀ ਚਪੇਟ 'ਚ ਆਉਣ ਵਾਲੇ ਜ਼ਿਲਿਆਂ 'ਚ ਆਪਣੀ ਮਸ਼ੀਨਰੀ ਭੇਜ ਕੇ ਮਦਦ ਕਰਨ ਲਈ ਕਿਹਾ ਹੈ। 
ਕੇਂਦਰੀ ਪੱਧਰ 'ਤੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਵੀ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਐਮਰਜੈਂਸੀ ਪ੍ਰਭਾਵਿਤ ਖੇਤਰਾਂ 'ਚ ਭੇਜਣ ਲਈ ਡਾਕਟਰਾਂ ਦੀਆਂ ਐਮਰਜੈਂਸੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਐਤਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਰੁਕੇ ਹੋਏ ਪਾਣੀ ਕਾਰਨ ਡੇਂਗੂ ਤੇ ਹੋਰ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ।