ਨੇਪਾਲ ਦੇ ਪੀ.ਐੱਮ. ਨੇ ਕੱਟਿਆ ਦੇਸ਼ ਦੇ ਨਕਸ਼ੇ ਵਾਲਾ ''ਕੇਕ'', ਮਚਿਆ ਹੰਗਾਮਾ

02/24/2020 4:15:30 PM

ਕਾਠਮੰਡੂ (ਭਾਸ਼ਾ): ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਆਪਣੇ ਜਨਮਦਿਨ ਮੌਕੇ ਦੇਸ਼ ਦੇ ਨਕਸ਼ੇ ਵਾਲਾ 15 ਕਿਲੋਗ੍ਰਾਮ ਦਾ ਕੇਕ ਕੱਟ ਕੇ ਵਿਵਾਦ ਖੜ੍ਹਾ ਕਰ ਦਿੱਤਾ। ਓਲੀ ਦੇ ਜਨਮ ਸਥਾਨ ਪੂਰਬੀ ਨੇਪਾਲ ਦੇ ਤੇਹਰਥੁਮ ਜ਼ਿਲੇ ਵਿਚ ਐਤਵਾਰ ਨੂੰ ਉਹਨਾਂ ਦੇ 69ਵੇਂ ਜਨਮਦਿਨ ਦਾ ਜਸ਼ਨ ਮਨਾਇਆ ਗਿਆ। ਇਸ ਵਿਚ ਉਹਨਾਂ ਦੀ ਪਤਨੀ ਰੂਚਿਕਾ ਸ਼ਾਕਯ, ਓਲੀ ਦੇ ਕਰੀਬੀ ਸਹਿਯੋਗੀ, ਸਕੂਲੀ ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। 

ਇਸ ਮੌਕੇ ਖਾਸ ਤੌਰ 'ਤੇ ਬਣਵਾਇਆ ਗਿਆ ਕੇਕ ਹੈਲੀਕਾਪਟਰ ਦੇ ਜ਼ਰੀਏ ਕਾਠਮੰਡੂ ਤੋਂ ਇੱਥੇ ਪਹੁੰਚਾਇਆ ਗਿਆ। ਕੇਕ 'ਤੇ ਦੇਸ਼ ਦਾ ਨਕਸ਼ਾ ਬਣਿਆ ਸੀ। ਅੰਨਾਪੂਰਨਾ ਪੋਸਟ ਡੇਲੀ ਦੀ ਖਬਰ ਦੇ ਮੁਤਾਬਕ ਇਸ ਜਸ਼ਨ ਦੀਆਂ ਤਸਵੀਰਾਂ ਆਨਲਾਈਨ ਆਈਆਂ, ਜਿਸ ਵਿਚ ਓਲੀ ਕੇਕ ਕੱਟਦੇ ਅਤੇ ਇਸ ਨੂੰ ਬੱਚਿਆਂ ਵਿਚ ਵੰਡਦੇ ਦਿਸੇ। ਇਹਨਾਂ ਤਸਵੀਰਾਂ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ। 

ਇਕ ਯੂਜ਼ਰ ਨੇ ਇਸ ਨੂੰ ਅਪਰਾਧ ਦੱਸਿਆ। ਇਕ ਵਕੀਲ ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਕੇਕ ਦੇ ਰੂਪ ਵਿਚ ਨੇਪਾਲ ਦੇ ਨਕਸ਼ੇ ਨੂੰ ਕੱਟਣਾ ਗਲਤ ਹੈ ਕਿਉਂਕਿ ਇਹ ਦੇਸ਼ ਨੂੰ ਟੁੱਕੜੇ-ਟੁੱਕੜੇ ਕਰਨ ਦਾ ਇਰਾਦਾ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ।

Vandana

This news is Content Editor Vandana