ਮੈਲਬੌਰਨ ਸੁਪਰਮਾਰਕਿਟ ਤੋਂ ਖਰੀਦੇ ਅੰਗੂਰਾਂ ''ਚੋਂ ਨਿਕਲੀ ਸੂਈ

10/07/2019 12:00:01 PM

ਮੈਲਬੌਰਨ— ਆਸਟ੍ਰੇਲੀਆ 'ਚ ਇਕ ਔਰਤ ਨੇ ਇਕ ਸੁਪਰਮਾਰਕਿਟ ਵਿਰੁੱਧ ਸ਼ਿਕਾਇਤ ਕੀਤੀ ਹੈ ਕਿਉਂਕਿ ਇੱਥੋਂ ਖਰੀਦੇ ਗਏ ਅੰਗੂਰਾਂ 'ਚੋਂ ਸੂਈ ਮਿਲੀ ਹੈ। ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫੇਸਬੁੱਕ 'ਤੇ ਚਲੋਏ ਸ਼ਾਅ ਨਾਂ ਦੀ ਇਕ ਔਰਤ ਨੇ ਦੱਸਿਆ ਕਿ ਉਸ ਨੇ ਮੈਲਬੌਰਨ ਦੀ ਇਕ ਸੁਪਰਮਾਰਕਿਟ ਤੋਂ ਅੰਗੂਰ ਖਰੀਦੇ ਸਨ, ਜਿਨ੍ਹਾਂ 'ਚੋਂ ਸੂਈ ਨਿਕਲੀ। ਉਸ ਨੇ ਸ਼ੁਕਰ ਕੀਤਾ ਕਿ ਕਿਤੇ ਉਸ ਨੇ ਬੇਧਿਆਨੀ 'ਚ ਇਸ ਨੂੰ ਨਿਗਲ ਨਹੀਂ ਲਿਆ। ਸਥਾਨਕ ਪੁਲਸ ਨੇ ਦੱਸਿਆ ਕਿ ਉਹ ਜਾਂਚ ਕਰ ਰਹੇ ਹਨ ਤੇ ਅਜਿਹੇ ਕੇਸ 'ਚ ਦੋਸ਼ੀ ਨੂੰ 10 ਸਾਲ ਦੀ ਜੇਲ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਸਟ੍ਰਾਬੇਰੀਜ਼ 'ਚੋਂ ਸੂਈਆਂ ਮਿਲਣ ਦੇ 200 ਕੇਸ ਸਾਹਮਣੇ ਆਏ ਸਨ ਅਤੇ ਇਕ ਔਰਤ ਨੂੰ ਤਾਂ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਜਨਵਰੀ 'ਚ ਵੀ ਇਕ ਜੋੜੇ ਨੂੰ ਅੰਗੂਰਾਂ 'ਚੋਂ ਸੂਈ ਮਿਲੀ ਸੀ। ਹੁਣ ਇਕ ਹੋਰ ਮਾਮਲਾ ਸਾਹਮਣੇ ਆਉਣ ਨਾਲ ਲੋਕਾਂ 'ਚ ਡਰ ਬਣ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਫਲ ਖਾਂਦੇ ਸਮੇਂ ਧਿਆਨ ਦੇਣਾ ਚਾਹੀਦਾ ਹੈ।