ਨਵਾਜ਼ ਸ਼ਰੀਫ ਨੇ ਹਿੰਦੂਆਂ ਦੇ ਪ੍ਰਸਿੱਧ ਮੰਦਰ ਕਟਾਸਰਾਜ ਦਾ ਕੀਤਾ ਦੌਰਾ, ਕਿਹਾ- ਮੇਰੇ ਲਈ ਸਾਰੇ ਧਰਮ ਬਰਾਬਰ

01/12/2017 10:28:48 AM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੁੱਧਵਾਰ ਨੂੰ ਪਾਕਿਸਤਾਨੀ ਪੰਜਾਬ ਦੇ ਉੱਤਰੀ ਭਾਗ ''ਚ ਸਥਿਤ ਹਿੰਦੂਆਂ ਦੇ ਪ੍ਰਸਿੱਧ ਮੰਦਰ ਕਟਾਸਰਾਜ ਦਾ ਦੌਰਾ ਕੀਤਾ। ਇਹ ਮੰਦਰ ਲਾਹੌਰ ਤੋਂ 270 ਕਿਲੋਮੀਟਰ ਦੀ ਦੂਰੀ ''ਤੇ ਚਕਵਾਲ ਜ਼ਿਲੇ ਸਥਿਤ ਹੈ। ਕਟਾਸਰਾਜ ਇਕ ਪ੍ਰਾਚੀਨ ਸ਼ਿਵ ਮੰਦਰ ਹੈ। ਪ੍ਰਧਾਨ ਮੰਤਰੀ ਸ਼ਰੀਫ ਨੇ ਇੱਥੇ ਪਾਣੀ ਨੂੰ ਸਾਫ ਕਰਨ ਵਾਲੇ ਇਕ ਯੰਤਰ ਦਾ ਉਦਘਾਟਨ ਕੀਤਾ। ਇਸ ਯੰਤਰ ਦਾ ਨਿਰਮਾਣ ਮੰਦਰ ਕੰਪਲੈਕਸ ਵਿਚ ਸਥਿਤ ਪਵਿੱਤਰ ਅੰਮ੍ਰਿਤ ਜਲ ਤਾਲਾਬ ''ਚ ਕੀਤਾ ਗਿਆ ਹੈ। ਇਸ ਜਲ ਯੰਤਰ ਤੋਂ ਹਿੰਦੂ ਤੀਰਥ ਯਾਤਰੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ। ਇਸ ਮੌਕੇ ''ਤੇ ਸ਼ਰੀਫ ਨਾਲ ਧਾਰਮਿਕ ਮਾਮਲਿਆਂ ਦੇ ਮੰਤਰੀ ਸਰਦਾਰ ਮੁਹੰਮਦ ਯੂਸਫ ਅਤੇ ਸ਼ਰਣਾਰਥੀ ਟਰੱਸਟ ਦੇ ਪ੍ਰਧਾਨ ਸਿੱਦੀਕੀ ਫਾਰੂਕ ਵੀ ਮੌਜੂਦ ਸਨ। 
ਸ਼ਰੀਫ ਨੇ ਮੰਦਰ ਦੇ ਕਈ ਹਿੱਸਿਆਂ ਦਾ ਦੌਰਾ ਵੀ ਕੀਤਾ, ਨਾਲ ਹੀ ਉਨ੍ਹਾਂ ਨੇ ਮੰਦਰ ਦੇ ਇਤਿਹਾਸਕ ਮਹੱਤਵ ਬਾਰੇ ਵੀ ਜਾਣਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਨੂੰ ਦੁਨੀਆ ''ਚ ਘੱਟ ਗਿਣਤੀਆਂ ਪ੍ਰਤੀ ਚੰਗਾ ਰਵੱਈਆ ਰੱਖਣ ਵਾਲੇ ਦੇਸ਼ਾਂ ਦੇ ਰੂਪ ਵਿਚ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਨਾਲ ਪਾਕਿਸਤਾਨ ''ਚ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਬਰਕਰਾਰ ਰਹੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਲਈ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਬਰਾਬਰ ਹਨ। ਕਿਸੇ ਨੂੰ ਵੀ ਅਜਿਹਾ ਕੰਮ ਨਹੀਂ ਕਰਨ ਦਿੱਤਾ ਜਾਵੇਗਾ, ਜਿਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋਵੇ।

Tanu

This news is News Editor Tanu