ਮੋਦੀ ਨੇ ਲੰਡਨ ''ਚ ਬਸਵੇਸ਼ਵਰ ਦੀ ਮੂਰਤੀ ''ਤੇ ਫੁੱਲ ਕੀਤੇ ਭੇਟ

04/18/2018 6:08:15 PM

ਲੰਡਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ 'ਚ ਅਲਬਰਟ ਐਮਬੈਂਕਮੈਂਟ ਗਾਰਡਨਸ ਵਿਚ 12ਵੀਂ ਸਦੀ ਦੇ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਬਸਵੇਸ਼ਵਰ ਦੀ ਮੂਰਤੀ 'ਤੇ ਫੁੱਲ ਭੇਟ ਕੀਤੇ। ਪ੍ਰੋਗਰਾਮ ਦਾ ਆਯੋਜਨ ਦਿ ਬਸਵੇਸ਼ਵਰ ਫਾਊਂਡੇਸ਼ਨ ਨੇ ਕੀਤਾ ਸੀ। ਇਹ ਬ੍ਰਿਟੇਨ ਦਾ ਗੈਰ ਸਰਕਾਰੀ ਸੰਗਠਨ ਹੈ, ਉਸੇ ਨੇ ਬਸਵੇਸ਼ਵਰ ਦੀ ਮੂਰਤੀ ਸਥਾਪਤ ਕੀਤੀ ਹੈ। ਭਾਰਤੀ ਦਾਰਸ਼ਨਿਕ ਅਤੇ ਸਮਾਜ ਸੁਧਾਰਕ ਬਸਵੇਸ਼ਵਰ ਵਲੋਂ ਲੋਕਤੰਤਰੀ ਵਿਚਾਰਾਂ, ਸਮਾਜਿਕ ਨਿਆਂ ਅਤੇ ਸਮਲਿੰਗੀ ਸਮਾਨਤਾ ਨੂੰ ਹੱਲਾ-ਸ਼ੇਰੀ ਦੇਣ ਲਈ ਉਨ੍ਹਾਂ ਦੇ ਪ੍ਰਤੀ ਸਨਮਾਨ ਜ਼ਾਹਰ ਕਰਨ ਲਈ ਉਨ੍ਹਾਂ ਦੀ ਮੂਰਤੀ ਸਥਾਪਤ ਕੀਤੀ ਗਈ ਹੈ।
ਬਸਵੇਸ਼ਵਰ (1134—1168) ਭਾਰਤੀ ਦਾਰਸ਼ਨਿਕ, ਸਮਾਜ ਸੁਧਾਰਕ ਅਤੇ ਰਾਜ ਨੇਤਾ ਸਨ, ਜਿਨ੍ਹਾਂ ਨੇ ਜਾਤੀ ਰਹਿਤ ਸਮਾਜ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਜਾਤੀ ਅਤੇ ਧਾਰਮਿਕ ਭੇਦਭਾਵ ਵਿਰੁੱਧ ਲੜਾਈ ਲੜੀ। ਭਾਰਤ ਬਸਵੇਸ਼ਵਰ ਨੂੰ ਲੋਕਤੰਤਰ ਦੇ ਨੇਤਾਵਾਂ 'ਚੋਂ ਇਕ ਮੰਨਦਾ ਹੈ। ਭਾਰਤੀ ਸੰਸਦ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਮੂਰਤੀ ਲਾਈ ਗਈ ਸੀ। ਬਸਵੇਸ਼ਵਰ ਅਤੇ ਭਾਰਤੀ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਪ੍ਰਤੀ ਸਨਮਾਨ ਜ਼ਾਹਰ ਕਰਦੇ ਹੋਏ ਭਾਰਤ ਨੇ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤਾ ਸੀ। ਦੱਸਣਯੋਗ ਹੈ ਕਿ ਮੋਦੀ ਕਾਮਨਵੈੱਲਥ ਹੈਡਸ ਆਫ ਗਵਰਮੈਂਟ ਬੈਠਕ ਵਿਚ ਸ਼ਾਮਲ ਹੋਣ ਲਈ ਇੱਥੇ ਚਾਰ ਦਿਨਾਂ ਦੌਰੇ 'ਤੇ ਹਨ।