ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਗ੍ਰੇਵਸੈਂਡ 'ਚ ਨਗਰ ਕੀਰਤਨ

04/16/2018 3:08:24 PM

ਲੰਡਨ (ਰਾਜਵੀਰ ਸਮਰਾ)- ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ਗੁਰੂ ਘਰ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ ਗਏ। ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤ ਨੇ ਹਿੱਸਾ ਲਿਆ। ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਤਿਆਰ ਕੀਤੀ ਸੁੰਦਰ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਅਤੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਵਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਗ੍ਰੇਵਸੈਂਡ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਗੁਰੂ ਘਰ ਵਿਖੇ ਹੀ ਆ ਕੇ ਸਮਾਪਤ ਹੋਇਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਤੋਂ ਇਲਾਵਾ ਥਾਂ-ਥਾਂ ਸਿੱਖ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਗ੍ਰੇਵਸੈਂਡ ਦੀਆਂ ਗਲੀਆਂ 'ਚ ਪੂਰੇ ਕੈਂਟ 'ਚੋਂ ਆਈ ਸੰਗਤ ਦੇ ਇਕੱਠ ਨੇ ਪੂਰਾ ਸ਼ਹਿਰ ਕੇਸਰੀ ਰੰਗ ਵਿਚ ਰੰਗ ਦਿੱਤਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਬੀਬੀਆਂ ਗੁਰਬਾਣੀ ਸ਼ਬਦ ਗਾਇਨ ਕਰਦਿਆਂ ਹਾਜ਼ਰੀ ਭਰ ਰਹੀਆਂ ਸਨ। 


ਗੁਰੂ ਘਰ ਦੇ ਪ੍ਰਧਾਨ ਅਜੈਬ ਸਿੰਘ ਚੀਮਾ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ, ਸਥਾਨਕ ਮੇਅਰ ਡਿਪਟੀ ਮੇਅਰ ਨੇ ਸਿੱਖ ਸੰਗਤ ਨੂੰ ਵਧਾਈ ਪੇਸ਼ ਕੀਤੀ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਲੱਗੇ ਧਾਰਮਿਕ ਮੇਲੇ ਵਿਚ ਢਾਡੀ ਜਥੇ ਨੇ ਸਾਜਨਾ ਦਿਵਸ ਸਬੰਧੀ ਇਤਿਹਾਸਕ ਪ੍ਰਸੰਗ ਗਾਇਨ ਕੀਤਾ। ਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਇਸ ਮੌਕੇ ਆਪਣੇ ਧਾਰਮਿਕ ਗੀਤਾਂ ਰਾਹੀਂ ਭਰਪੂਰ ਹਾਜ਼ਰੀ ਲਵਾਈ। ਚੜ੍ਹਦੀ ਕਲਾ ਆਰਗੇਨਾਈਜੇਸ਼ਨ ਵਲੋਂ ਦਸਤਾਰਾਂ ਸਜਾਈਆਂ ਗਈਆਂ। ਖ਼ਾਲਸਾ ਏਡ, ਪਿੰਗਲਵਾੜਾ ਤੋਂ ਇਲਾਵਾ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਆਪੋ-ਆਪਣੇ ਸਟਾਲ ਲਗਾਏ।