ਮੈਲਬੋਰਨ ’ਚ ਵਿਸਾਖੀ ਦਿਹਾੜੇ ਨੂੰ ਸਮਰਪਿਤ ਸ਼ਰਧਾਪੂਰਵਕ ਸਜਾਇਆ ਗਿਆ ਨਗਰ ਕੀਰਤਨ

04/06/2021 3:14:40 PM

ਮੈਲਬੋਰਨ (ਮਨਦੀਪ ਸਿੰਘ ਸੈਣੀ)-ਬੀਤੇ ਦਿਨੀਂ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ (ਮੈਲਬੋਰਨ) ਵੱਲੋਂ ਵਿਸਾਖੀ ਦਿਹਾੜੇ ਦੇ ਸਬੰਧ ’ਚ ਨਗਰ ਕੀਰਤਨ ਬਹੁਤ ਹੀ ਸ਼ਰਧਾਪੂਰਵਕ ਸਜਾਇਆ ਗਿਆ। ਇਹ ਨਗਰ ਕੀਰਤਨ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਵੁੱਡਲੀ, ਰੌਕਬੈਂਕ ਵਿੱਖੇ ਸਜਾਇਆ ਗਿਆ ਤੇ ਸਾਰੇ ਸਮਾਗਮ ਸਥਾਨਕ ਐਂਟਰੀ ਪ੍ਰਾਇਮਰੀ ਸਕੂਲ਼ ’ਚ ਕਰਵਾਏ ਗਏ। ਨਗਾਰਿਆਂ ਦੀ ਗੂੰਜ ’ਚ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਨਾਲ ਨਗਰ ਕੀਰਤਨ ਦੀ ਆਰੰਭਤਾ ਐਂਟਰੀ ਪ੍ਰਾਇਮਰੀ ਸਕੂਲ ਤੋਂ ਹੋਈ। ਇਸ ਮੌਕੇ ਆਲੇ-ਦੁਆਲੇ ਦੇ ਇਲਾਕਿਆਂ ’ਚੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ । ਨਗਰ ਕੀਰਤਨ ਦਾ ਪੈਂਡਾ ਤਿੰਨ ਕਿਲੋਮੀਟਰ ਸੀ, ਜਿਸ ਨੂੰ ਕਰੀਬ ਢਾਈ ਤੋਂ ਤਿੰਨ ਘੰਟਿਆਂ ’ਚ ਪੂਰਾ ਕੀਤਾ ਗਿਆ। ਨਗਰ ਕੀਰਤਨ ਪ੍ਰਤੀ ਸੰਗਤਾਂ ਦਾ ਜੋਸ਼ ਦੇਖਦਿਆਂ ਹੀ ਬਣਦਾ ਸੀ ਤੇ ਸੰਗਤਾਂ ਵਲੋਂ ਨਗਰ ਕੀਰਤਨ ਦੇ ਰਸਤੇ ’ਚ ਆਪਣੇ ਘਰਾਂ ਦੇ ਬਾਹਰ ਚਾਹ, ਪਾਣੀ, ਲੱਸੀ, ਕਾਜੂ-ਬਦਾਮਾਂ ਆਦਿ ਦੇ ਲੰਗਰ ਲਾਏ ਗਏ ਸਨ ।

ਇਸ ਮੌਕੇ ਦਮਦਮੀ ਟਕਸਾਲ ਰਣਜੀਤ ਅਖਾੜਾ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਜੋ ਨਗਰ ਕੀਰਤਨ ਦੌਰਾਨ ਖਿੱਚ ਦਾ ਕੇਂਦਰ ਰਹੇ । ਨਗਰ ਕੀਰਤਨ ’ਚ ਸਥਾਨਕ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਵੀ ਹਿੱਸਾ ਲਿਆ ਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ। ਨਗਰ ਕੀਰਤਨ ਦੀ ਸਮਾਪਤੀ ਐਂਟਰੀ ਪ੍ਰਾਇਮਰੀ ਸਕੂਲ ਵਿਖੇ ਹੋਈ, ਜਿਥੇ ਲੰਗਰ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਸਕੂਲ ਦੇ ਖੁੱਲ੍ਹੇ ਮੈਦਾਨ ’ਚ ਸਟੇਜ ਲਾਈ ਗਈ ਸੀ । ਇਸ ਦੌਰਾਨ ਹਰ ਉਮਰ ਵਰਗ ਦੇ ਬੱਚਿਆਂ ਲਈ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਛੋਟੇ ਬੱਚਿਆਂ ਵਲੋਂ ਕੀਰਤਨ, ਵਾਰਾਂ ਤੇ ਕਵੀਸ਼ਰੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਲੋਂ ਉਨ੍ਹਾਂ ਵਾਲੰਟੀਅਰਜ਼ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਕੋਰੋਨਾ ਮਹਾਮਾਰੀ ਅਤੇ ਬੁਸ਼ਫਾਇਰ ਦੌਰਾਨ ਵਿਸ਼ੇਸ਼ ਸੇਵਾਵਾਂ ਦਿੱਤੀਆਂ ਸਨ ।

Anuradha

This news is Content Editor Anuradha