ਮਿਆਂਮਾਰ : ਸੰਸਦ ਉੱਪਰ ਡਰੋਨ ਉਡਾਉਣ ਵਾਲਾ ਫ੍ਰਾਂਸੀਸੀ ਨਾਗਰਿਕ ਗ੍ਰਿਫਤਾਰ

02/11/2019 5:46:29 PM

ਯਾਂਗੂਨ (ਭਾਸ਼ਾ)— ਮਿਆਂਮਾਰ ਦੀ ਰਾਜਧਾਨੀ ਨੇਪੀਤੋ ਵਿਚ ਸੰਸਦ ਨੇੜੇ ਡਰੋਨ ਉਡਾਉਣ ਵਾਲੇ ਫ੍ਰਾਂਸੀਸੀ ਸੈਲਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫ੍ਰਾਂਸੀਸੀ ਰਾਜਦੂਤ ਅਤੇ ਸਥਾਨਕ ਪੁਲਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਕਾਨੂੰਨ ਦੇ ਤਹਿਤ ਦੋਸ਼ੀ ਨੂੰ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਪੁਲਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ 27 ਸਾਲ ਦੇ ਆਰਥਰ ਡਿਸਕਲੌਕਸ ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਫ੍ਰਾਂਸੀਸੀ ਸੈਲਾਨੀ ਨੇ ਸਰਕਾਰੀ ਇਮਾਰਤ ਨੇੜੇ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜੋ ਮਿਆਂਮਾਰ ਵਿਚ ਗੈਰ ਕਾਨੂੰਨੀ ਹੈ। 

ਸਥਾਨਕ ਮੀਡੀਆ ਨੇ ਫੜੇ ਗਏ ਫ੍ਰਾਂਸੀਸੀ ਸੈਲਾਨੀ, ਉਸ ਦੇ ਪਾਸਪੋਰਟ ਅਤੇ ਡਰੋਨ ਦੀ ਤਸਵੀਰ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਤਿੰਨ ਪੱਤਰਕਾਰਾਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਸਾਲ 2017 ਵਿਚ ਅਜਿਹੇ ਹੀ ਇਕ ਮਾਮਲੇ ਵਿਚ ਜੇਲ ਹੋ ਚੁੱਕੀ ਹੈ। ਦੂਤਘਰ ਨੇ ਦੱਸਿਆ,''ਆਰਥਰ ਨੂੰ ਸੰਸਦ ਉੱਪਰ ਡਰੋਨ ਉਡਾਉਣ ਦੇ ਦੋਸ਼ ਵਿਚ 7 ਫਰਵਰੀ ਨੂੰ ਦੁਪਹਿਰ ਦੇਰ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹ ਹੁਣ ਵੀ ਨੇਪੀਤੋ ਵਿਚ ਹਿਰਾਸਤ ਵਿਚ ਹੈ।'' 

ਦੂਤਘਰ ਮੁਤਾਬਕ ਦੋਸ਼ੀ ਦੇ ਪਰਿਵਾਰ ਵਾਲਿਆਂ ਨੂੰ ਉਸ ਦੀ ਗ੍ਰਿਫਤਾਰੀ ਦੇ ਬਾਰੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੂਤਘਰ ਦੇ ਕਰਮਚਾਰੀ ਉਸ ਦੀ ਸੁਰੱਖਿਅਤ ਰਿਹਾਈ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਸ ਅਧਿਕਾਰੀ ਮਿਨ ਟਿਨ ਨੇ ਦੱਸਿਆ ਕਿ ਆਰਥਰ ਵਿਰੁੱਧ ਦਰਾਮਦ-ਬਰਾਮਦ ਐਕਟ ਦੀ ਧਾਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Vandana

This news is Content Editor Vandana