ਬਾਈਡੇਨ ਨੇ ਈਦ ਮੌਕੇ ਦਿੱਤੀ ਵਧਾਈ, ਕਿਹਾ-'ਦੁਨੀਆ ਭਰ 'ਚ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ'

05/03/2022 10:29:04 AM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ਭਰ ਦੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਅਮਰੀਕਾ ਨੂੰ ਦਿਨ-ਬ-ਦਿਨ ਮਜ਼ਬੂਤ ਕਰ ਰਿਹਾ ਹੈ, ਹਾਲਾਂਕਿ ਇਹ ਖੁਦ ਸਮਾਜ ਵਿੱਚ ਅਸਲ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਬਾਈਡੇਨ ਨੇ ਇਹ ਗੱਲ ਵ੍ਹਾਈਟ ਹਾਊਸ 'ਚ ਈਦ-ਉਲ-ਫਿਤਰ ਦੇ ਮੌਕੇ 'ਤੇ ਕਹੀ। ਬਾਈਡੇਨ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਵਾਰ ਇੱਕ ਮੁਸਲਮਾਨ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਦੂਤਘਰ ਇੰਚਾਰਜ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਪੂਰੀ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਮੁਸਲਮਾਨ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਕਿਸੇ ਨੂੰ ਵੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਲਈ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਪ੍ਰੋਗਰਾਮ ਵਿਚ ਪਹਿਲੀ ਮਹਿਲਾ ਜਿਲ ਬਾਈਡੇਨ, ਮਸਜਿਦ ਦੇ ਇਮਾਮ ਮੁਹੰਮਦ ਡਾ. ਤਾਲਿਬ ਐਮ. ਸ਼ਰੀਫ ਅਤੇ ਪਾਕਿਸਤਾਨੀ ਗਾਇਕ ਅਤੇ ਸੰਗੀਤਕਾਰ ਅਰੂਜ ਆਫਤਾਬ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਬਾਈਡੇਨ ਨੇ ਕਿਹਾ ਕਿ ਅੱਜ, ਅਸੀਂ ਉਨ੍ਹਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਿੱਚ ਅਸਮਰੱਥ ਹਨ, ਜਿਨ੍ਹਾਂ ਵਿੱਚ ਉਈਗਰ, ਰੋਹਿੰਗਿਆ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ, ਜੋ ਅਕਾਲ, ਹਿੰਸਾ, ਸੰਘਰਸ਼ ਅਤੇ ਬੀਮਾਰੀਆਂ ਨਾਲ ਜੂਝ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਾਜ਼ੀਲ 'ਚ ਬਣਾਇਆ ਗਿਆ ਯਿਸੂ ਮਸੀਹ ਦਾ 141 ਫੁੱਟ ਉੱਚਾ 'ਬੁੱਤ', ਛਾਤੀ 'ਚ ਬਣੀ 'ਹਾਰਟ ਬਾਲਕੋਨੀ' (ਤਸਵੀਰਾਂ)

ਉਨ੍ਹਾਂ ਨੇ ਅੱਗੇ ਕਿਹਾ ਕਿ ਦੁਨੀਆ ਵਿਚ ਉਮੀਦ ਅਤੇ ਤਰੱਕੀ ਦੇ ਚਿੰਨ੍ਹਾਂ ਦਾ ਸਨਮਾਨ ਕਰੋ, ਜਿਸ ਵਿਚ ਜੰਗਬੰਦੀ ਵੀ ਸ਼ਾਮਲ ਹੈ ਜਿਸ ਨੇ ਛੇ ਸਾਲਾਂ ਵਿੱਚ ਪਹਿਲੀ ਵਾਰ ਯਮਨ ਵਿੱਚ ਲੋਕਾਂ ਨੂੰ ਰਮਜ਼ਾਨ ਅਤੇ ਈਦ ਸ਼ਾਂਤੀ ਨਾਲ ਮਨਾਉਣ ਦੀ ਇਜਾਜ਼ਤ ਦਿੱਤੀ ਹੈ। ਬਾਈਡੇਨ ਨੇ ਕਿਹਾ ਪਰ ਨਾਲ ਹੀ ਸਾਨੂੰ ਇਹ ਵੀ ਸਵੀਕਾਰ ਕਰਨਾ ਹੋਵੇਗਾ ਕਿ ਵਿਦੇਸ਼ਾਂ ਅਤੇ ਇੱਥੇ ਦੇਸ਼ ਵਿੱਚ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਮੁਸਲਮਾਨ ਸਾਡੇ ਦੇਸ਼ ਨੂੰ ਹਰ ਦਿਨ ਮਜ਼ਬੂਤ ਬਣਾਉਂਦੇ ਹਨ, ਭਾਵੇਂ ਕਿ ਉਨ੍ਹਾਂ ਨੂੰ ਅਜੇ ਵੀ ਸਾਡੇ ਸਮਾਜ ਲਈ ਅਸਲ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਨਿਸ਼ਾਨਾ ਹਿੰਸਾ ਅਤੇ 'ਇਸਲਾਮੋਫੋਬੀਆ' (ਇਸਲਾਮ ਦਾ ਡਰ) ਸ਼ਾਮਲ ਹੈ। 

ਸਮਾਰੋਹ ਦੇ ਬਾਅਦ ਇਕ ਟਵੀਟ ਵਿਚ ਬਾਈਡੇਨ ਨੇ ਲਿਖਿਆ ਕਿ ਜਿਲ ਅਤੇ ਮੈਂ ਅੱਜ ਰਾਤ ਨੂੰ ਵ੍ਹਾਈਟ ਹਾਊਸ ਵਿੱਚ ਈਦ-ਅਲ-ਫਿਤਰ ਦਾ ਤਿਉਹਾਰ ਮਨਾ ਕੇ ਬਹੁਤ  ਸਨਮਾਨਿਤ ਮਹਿਸੂਸ ਕਰ ਰਹੇ ਹਾਂ ਅਤੇ ਅਸੀਂ ਦੁਨੀਆ ਭਰ ਵਿੱਚ ਇਹ ਤਿਉਹਾਰ ਮਨਾਉਣ ਵਾਲੇ ਸਾਰਿਆਂ ਨੂੰ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ। ਈਦ ਮੁਬਾਰਕ। ਇਸ ਦੌਰਾਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਹਨਾਂ ਨੇ ਟਵੀਟ ਕੀਤਾ ਕਿ ਡਗਲਸ ਅਤੇ ਮੈਂ ਈਦ-ਉਲ-ਫਿਤਰ ਮਨਾਉਣ ਵਾਲੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ...ਈਦ ਮੁਬਾਰਕ। ਹੈਰਿਸ ਦੇ ਪਤੀ ਦਾ ਨਾਮ ਡਗਲਸ ਐਮਹੌਫ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana