ਮੁੱਰੇ ਬ੍ਰਿਜ ਦਾ ਵਿਰਾਸਤੀ ਮੇਲਾ 1 ਅਕਤੂਬਰ ਨੂੰ, ਪ੍ਰਬੰਧਕਾਂ ਵਲੋ ਪੋਸਟਰ ਜਾਰੀ

09/10/2017 2:45:08 PM

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਵਿਰਾਸਤ ਐਸੋਸੀਏਸ਼ਨ ਦੱਖਣੀ ਆਸਟ੍ਰੇਲੀਆ ਅਤੇ ਇੱਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 'ਚੌਥਾ ਵਿਰਾਸਤੀ ਮੇਲਾ' ਮੁੱਰੇ ਬ੍ਰਿਜ, ਦੱਖਣੀ ਆਸਟ੍ਰੇਲੀਆ ਵਿਖੇ 1 ਅਕਤੂਬਰ ਦਿਨ ਐਤਵਾਰ ਨੂੰ 11 ਵਜੇ ਤੋਂ ਸ਼ਾਮ 5 ਵਜੇ ਤੱਕ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਇਕ ਵਿਸੇਸ਼ ਬੈਠਕ ਕੀਤੀ ਗਈ, ਜਿਸ 'ਚ ਮੇਲੇ ਦੇ ਪ੍ਰਬੰਧਕ ਜਗਤਾਰ ਸਿੰਘ
ਨਾਗਰੀ, ਨਰੇਸ਼ ਸ਼ਰਮਾ, ਚੇਅਰਮੈਨ ਬਲਰਾਜ ਸਿੰਘ ਬਾਠ, ਧੰਮੀ ਜਟਾਣਾ, ਬਲਵੰਤ ਸਿੰਘ ਪ੍ਰਧਾਨ, ਮਹਾਵੀਰ ਸਿੰਘ ਗਰੇਵਾਲ, ਜੰਗ ਬਹਾਦਰ ਗਰੇਵਾਲ, ਮੋਹਨ ਸਿੰਘ ਮਲਹਾਂਸ, ਦੀਪਕ ਭਰਦਵਾਜ, ਰੋਬੀ ਬੈਨੀਪਾਲ ਰਾਬਤਾ ਡੀਓ, ਕਮਲਜੀਤ ਸਿੰਘ ਤੇ ਕਮਲ ਬਿਸਲਾ ਆਦਿ ਪਤਵੰਤਿਆ ਵਲੋਂ ਸਾਂਝੇ ਤੌਰ 'ਤੇ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। 
ਮੇਲੇ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ ਅਤੇ ਨਰੇਸ਼ ਕੁਮਾਰ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਸਾਂਝੇ ਤੌਰ 'ਤੇ ਦੱਸਿਆ ਕਿ ਮੇਲੇ 'ਚ ਸਥਾਨਕ ਕਲਾਕਾਰਾਂ ਵਲੋ ਗੀਤ ਸੰਗੀਤ, ਗਿੱਧਾ-ਭੰਗੜਾ, ਲਾਈਵ ਮਿਊਜ਼ਿਕ, ਨਾਟਕ ਅਤੇ ਕੋਰੀਓਗ੍ਰਾਫੀ ਨਾਲ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ ਜਾਵੇਗਾ ਤੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆ ਖੇਡ ਅਤੇ ਸੱਭਿਆਚਾਰਕ ਵੰਨਗੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾ ਅੱਗੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਸਟਾਲ ਜਿਨ੍ਹਾਂ 'ਚ ਖਾਣ ਪੀਣ, ਸੱਭਿਆਚਾਰ, ਧਾਰਮਿਕ, ਸਾਹਿਤਕ ਆਦਿ ਵਿਸ਼ੇਸ਼ ਤੌਰ 'ਤੇ ਲਗਾਏ ਜਾਣਗੇ ਤਾਂ ਕਿ ਅਜੌਕੀ ਪੀੜ੍ਹੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਚੇਅਰਮੈਨ ਬਲਰਾਜ ਸਿੰਘ ਬਾਠ ਤੇ ਧੰਮੀ ਜਟਾਣਾ ਵਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਮੇਲੇ ਪ੍ਰਤੀ ਭਾਈਚਾਰੇ 'ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।