ਕੈਲੀਫੋਰਨੀਆ ਦੀ ਅੱਗ ਪੁੱਜੀ ਲਾਸ ਏਂਜਲਸ, ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਸੜ ਕੇ ਸੁਆਹ

10/30/2019 8:55:07 AM

ਲਾਸ ਏਂਜਲਸ- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਲਾਸ ਏਂਜਲਸ ਤਕ ਪਹੁੰਚ ਗਈ ਹੈ। ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਘਰ ਸੜ ਕੇ ਸੁਆਹ ਹੋ ਗਏ। ਲਾਸ ਏਂਜਲਸ ਦੇ ਕਈ ਲੋਕ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਏ ਹਨ। ਪਿਛਲੇ ਬੁੱਧਵਾਰ ਲੱਗੀ ਇਸ ਅੱਗ ਕਾਰਣ ਹੁਣ ਤਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਖਬਰਾਂ ਮੁਤਾਬਕ ਮੁਖ ਅੱਗ ਕੈਲੀਫੋਰਨੀਆ ਦੇ ਸੋਨੋਮਾ ਕਾਊਂਟੀ ਨਾਮੀ ਥਾਂ 'ਤੇ ਲੱਗੀ ਹੈ। ਸੂਬੇ ਦੇ ਸਾਨ ਫਰਾਂਸਿਸਕੋ ਸ਼ਹਿਰ ਦੇ ਆਕਾਰ ਤੋਂ ਦੁੱਗਣੇ ਖੇਤਰ 'ਚ ਇਹ ਅੱਗ ਫੈਲ ਚੁੱਕੀ ਹੈ। ਇਹ ਖੇਤਰ ਲਗਭਗ 22000 ਏਕੜ ਬਣਦਾ ਹੈ। ਸ਼ਰਾਬ ਦੀ ਇਕ ਡੇਢ ਸੌ ਸਾਲ ਪੁਰਾਣੀ ਫੈਕਟਰੀ ਸੜ ਕੇ ਸੁਆਹ ਹੋ ਗਈ ਹੈ। ਉਥੇ ਸਿਰਫ ਸਟੀਲ ਦੀ ਮੂਰਤੀ ਹੀ ਬਚੀ ਹੈ। ਲਾਸ ਏਂਜਲਸ ਦੀਆਂ ਕਈ ਵੱਡੀਆਂ ਕੋਠੀਆਂ ਭਸਮ ਹੋ ਗਈਆਂ ਹਨ। ਇਹ ਕੋਠੀਆਂ ਕਈ ਮੰਨੇ ਪ੍ਰਮੰਨੇ ਵਿਅਕਤੀਆਂ ਦੀਆਂ ਦੱਸੀਆਂ ਜਾਂਦੀਆਂ ਹਨ।

ਅੱਗ ਦਾ ਧੂੰਆਂ ਲਾਸ ਏਂਜਲਸ ਦੇ ਕਈ ਇਲਾਕਿਆਂ 'ਚ ਪਹੁੰਚਣ ਕਾਰਣ ਹਵਾ ਦਾ ਪੱਧਰ ਖਰਾਬ ਹੋ ਚੁੱਕਾ ਹੈ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵੱਖ-ਵੱਖ ਸਕੂਲਾਂ ਦੇ 10,000 ਤੋਂ ਵੱਧ ਬੱਚੇ ਘਰਾਂ 'ਚ ਬੈਠਣ ਨੂੰ ਮਜਬੂਰ ਹਨ। ਪਿਛਲੇ ਸਾਲ ਲੱਗੀ ਅੱਗ ਕਾਰਣ 85 ਵਿਅਕਤੀ ਮਾਰੇ ਗਏ ਸਨ। ਕੈਲੀਫੋਰਨੀਆ ਦੇ ਜੰਗਲਾਂ 'ਚ ਹਰ ਸਾਲ ਹੀ ਅੱਗ ਲੱਗਦੀ ਹੈ, ਜਿਸ ਕਾਰਣ ਭਾਰੀ ਮਾਲੀ ਨੁਕਸਾਨ ਹੁੰਦਾ ਹੈ।