ਮੂਲਰ ਨੇ ਮੈਨਫੋਰਟ ਮਾਮਲੇ 'ਚ 5 ਗਵਾਹਾਂ ਦੀ ਸਜ਼ਾ ਘਟਾਉਣ ਦੀ ਕੀਤੀ ਅਪੀਲ

07/18/2018 3:35:57 PM

ਵਾਸ਼ਿੰਗਟਨ,(ਭਾਸ਼ਾ)— ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਸ਼ਮੂਲੀਅਤ ਦੀ ਜਾਂਚ ਕਰ ਰਹੇ ਵਿਸ਼ੇਸ਼ ਵਕੀਲ ਰਾਬਰਟ ਮੂਲਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਪ੍ਰਚਾਰ ਮੁਖੀ ਪਾਲ ਮੈਨਫੋਰਟ ਦੇ ਖਿਲਾਫ ਮੁਕੱਦਮੇ ਦੇ 5 ਸ਼ੱਕੀ ਗਵਾਹਾਂ ਲਈ ਸਜ਼ਾ 'ਚ ਛੋਟ ਦੀ ਮੰਗ ਕੀਤੀ ਹੈ। ਮੂਲਰ ਦੇ ਦਫਤਰ ਨੇ ਵਰਜੀਨੀਆ ਦੀ ਇਕ ਅਦਾਲਤ 'ਚ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹੋਏ ਸੰਘੀ ਜੱਜ ਨੂੰ ਦੱਸਿਆ ਕਿ ਸਾਰੇ ਪੰਜ ਲੋਕਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਆਧਾਰ ਬਣਾ ਕੇ ਗਵਾਹੀ ਨਹੀਂ ਦੇਣਗੇ ਅਤੇ ਨਾ ਹੀ ਕੋਈ ਹੋਰ ਸੂਚਨਾ ਮੁਹੱਈਆ ਕਰਵਾਉਣਗੇ।
ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਵਕੀਲਾਂ ਨੇ ਜੱਜ ਨੂੰ ਅਪੀਲ ਕੀਤੀ ਹੈ ਕਿ ਉਹ ਮੈਨਫੋਰਟ ਦੇ ਖਿਲਾਫ ਚੱਲਣ ਵਾਲੇ ਬੈਂਕ ਅਤੇ ਟੈਕਸ ਧੋਖਾਧੜੀ ਦੇ ਮੁਕੱਦਮੇ 'ਚ ਗਵਾਹੀ ਦੇਣ ਦੇ ਬਦਲੇ ਇਨ੍ਹਾਂ ਸਾਰਿਆਂ ਨੂੰ ਸਜ਼ਾ ਤੋਂ ਛੋਟ ਦੇ ਦੇਣ। ਵਕੀਲਾਂ ਨੇ ਯੂਜ਼ ਇਮੀਉਨਟੀ (ਛੋਟ) ਦੀ ਮੰਗ ਕੀਤੀ ਹੈ। ਇਸ ਤਹਿਤ ਗਵਾਹਾਂ ਦੇ ਬਿਆਨਾਂ ਦੀ ਉਨ੍ਹਾਂ ਖਿਲਾਫ ਤਦ ਤਕ ਵਰਤੋਂ ਨਹੀਂ ਕੀਤੀ ਜਾ ਸਕਦੀ, ਜਦ ਤਕ ਕਿ ਉਨ੍ਹਾਂ ਨੇ ਗਲਤ ਬਿਆਨਬਾਜ਼ੀ ਨਾ ਕੀਤੀ ਹੋਵੇ। ਮੈਨਫੋਰਟ ਦੇ ਖਿਲਾਫ ਮੁਕੱਦਮਾ ਅਗਲੇ ਹਫਤੇ ਸ਼ੁਰੂ ਹੋ ਸਕਦਾ ਹੈ। ਟਰੰਪ ਦੀ ਪ੍ਰਚਾਰ ਮੁਹਿੰਮ 'ਚ ਰੂਸੀ ਦਖਲ-ਅੰਦਾਜ਼ੀ ਦੀ ਮੂਲਰ ਦੀ ਜਾਂਚ 'ਚ ਸਭ ਤੋਂ ਪਹਿਲਾ ਮਾਮਲਾ ਮੈਨਫੋਰਟ ਦਾ ਆਇਆ ਸੀ।