ਸੰਸਦ ਮੈਂਬਰਾਂ ਤੇ ਕੌਂਸਲਰਾਂ ਨੇ ਪੰਜਾਬੀ ਗੀਤਾਂ ''ਤੇ ਨੱਚ-ਨੱਚ ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਸਮਾਗਮ ਨੂੰ ਲਾਏ ਚਾਰ ਚੰਨ

07/24/2017 2:12:51 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵਲੋਂ ਸੰਸਥਾ ਦਾ ਸਲਾਨਾ ਸਮਾਗਮ ਮਾਊਂਟ ਗ੍ਰਵੈਟ ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨਾ 'ਚ ਬਹੁ-ਸੱਭਿਆਚਾਰਕ ਮੰਤਰੀ ਗਰੇਸ ਗਰੇਸ, ਸੰਸਦ ਮੈਂਬਰ ਪੀਟਰ ਰੁਸੋ, ਸੰਸਦ ਮੈਂਬਰ ਮੈਂਟ ਮਕੈਨਨ, ਸੰਸਦ ਮੈਂਬਰ ਸਟੀਵ ਮਕੈਨਨ, ਕੌਂਸਲਰ ਏਜਲਾ ਓਵਨ ਤੇ ਜੂਲੀ ਟਾਲਟੀ ਨੇ ਭਰਵੀਂ ਹਾਜ਼ਰੀ ਲਗਵਾਉਂਦਿਆਂ ਆਪਣੇ-ਆਪਣੇ ਸੰਬੋਧਨ 'ਚ ਸੰਸਥਾ ਦੀ ਪ੍ਰਧਾਨ ਪਿੰਕੀ ਸਿੰਘ ਤੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਜ਼ੁਰਗਾਂ ਅਤੇ ਕਂੈਸਰ ਪੀੜਤ ਲੋੜਵੰਦਾਂ ਬੱਚਿਆ ਦੇ ਇਲਾਜ ਲਈ ਵਿੱਤੀ ਸਹਾਇਤਾ, ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਪ੍ਰਦਾਨ ਕਰਨ, ਨਵੇਂ ਆਏ ਪ੍ਰਵਾਸੀਆ ਨੂੰ ਲੋੜੀਂਦੀ ਜਾਣਕਾਰੀ ਮੁਹੱਇਆਂ ਕਰਵਾਉਣ ਅਤੇ ਘਰੈਲੂ ਹਿੰਸਾਂ ਦੇ ਸਾਰਥਕ ਹੱਲ ਕੱਢਣ ਅਤੇ ਹੋਰ ਬਹੁ-ਸੱਭਿਆਚਾਰਕ ਸਮਾਜ ਭਲਾਈ ਲਈ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। 


ਸੂਬੇ ਦੀ ਬਹੁ-ਸੱਭਿਆਚਾਰਕ ਮੰਤਰੀ ਗਰੇਸ ਗਰੇਸ, ਕੌਂਸਲਰ ਏਜਲਾ ਓਵਨ, ਵਿਸ਼ਵ ਪ੍ਰਸਿੱਧ ਮੁੱਕੇਬਾਜ ਡਾਂਡੀ ਕਿਮ, 'ਸ਼ੇਰੇ ਪੰਜਾਬ ਭੰਗੜਾ ਗਰੁੱਪ' ਦੇ ਸੰਸਥਾਪਕ ਗੁਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਵਲੋਂ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਪਾਏ ਜਾ ਰਹੇ ਯੋਗਦਾਨ ਤੇ ਜਿੰਦਗੀ ਭਰ ਦੀਆ ਪ੍ਰਾਪਤੀਆ ਲਈ ਅਤੇ ਦੀਪਇੰਦਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਿੱਖਰ ਉਸ ਸਮੇਂ ਹੋ ਨਿਬੜਿਆਂ ਜਦੋਂ ਸ਼ੇਰੇ ਪੰਜਾਬ ਗਰੁੱਪ ਦੇ ਭੰਗੜੇ, ਪੰਜਾਬੀ ਤੇ ਬਾਲੀਵੁੱਡ ਦੇ ਗੀਤ ਤੇ ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਬ੍ਰਿਸਬੇਨ ਸਿਟੀ ਕੌਂਸਲ ਦੀ ਚੇਅਰਮੈਨ ਕੌਂਸਲਰ ਐਂਜਲਾ ਓਵਨ, ਸੰਸਦ ਮੈਂਬਰਾਂ ਅਤੇ ਹੋਰ ਵੱਖ-ਵੱਖ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਪੰਜਾਬੀ ਪਹਿਰਾਵਿਆਂ 'ਚ ਗਿੱਧਾ-ਭੰਗੜਾ ਪਾ ਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਪ੍ਰਧਾਨ ਪਿੰਕੀ ਸਿੰਘ ਵਲੋਂ ਸੰਸਥਾ ਦੇ ਕਾਰਜਾਂ ਦਾ ਲੇਖਾ-ਜੋਖਾ ਦੱਸਦਿਆ ਸਹਿਯੋਗੀਆਂ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਹਿੰਮਾਸ਼ੂ ਤੇ ਪ੍ਰੀਤ ਸਿਆਂ ਵਲੋਂ ਬਾਖੂਬੀ ਕੀਤਾ ਗਿਆ।