ਮਾਊਂਟ ਐਵਰੈਸਟ ਤੋਂ ਮਿਲਿਆ 11 ਟਨ ਕੂੜਾ ਅਤੇ 4 ਲਾਸ਼ਾਂ

06/06/2019 3:36:55 PM

ਕਾਠਮੰਡੂ— ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ 'ਤੇ ਸਫਾਈ ਦੌਰਾਨ 11 ਟਨ ਕੂੜਾ ਅਤੇ 4 ਲਾਸ਼ਾਂ ਮਿਲੀਆਂ ਹਨ। ਇਹ ਸਫਾਈ ਨੇਪਾਲ ਸਰਕਾਰ ਵਲੋਂ ਇਕ ਮੁਹਿੰਮ ਤਹਿਤ ਕਰਵਾਈ ਗਈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਪਹਾੜ ਤੋਂ ਹੇਠਾਂ ਆਉਣ ਵਾਲੇ ਪਰਬਤਾਰੋਹੀਆਂ ਦਾ ਵੀ ਕਹਿਣਾ ਹੈ ਕਿ ਚੋਟੀ 'ਤੇ ਬਹੁਤ ਗੰਦਗੀ, ਟੁੱਟੀਆਂ ਹੋਈਆਂ ਪੌੜੀਆਂ, ਬੋਤਲਾਂ ਅਤੇ ਪਲਾਸਟਿਕ ਦੇ ਪੈਕਟ ਆਦਿ ਪਏ ਹੁੰਦੇ ਹਨ।

ਇਸ ਮੁਹਿੰਮ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਕੁੱਝ ਕੂੜਾ ਕਾਠਮੰਡੂ ਭੇਜ ਦਿੱਤਾ ਗਿਆ ਹੈ, ਤਾਂ ਕਿ ਉਸ ਨੂੰ ਰੀਸਾਇਕਲ ਕੀਤਾ ਜਾ ਸਕੇ। ਅਧਿਕਾਰੀ ਨੇ ਇਸ ਮੁਹਿੰਮ ਨੂੰ ਸਫਲ ਦੱਸਿਆ ਅਤੇ ਕਿਹਾ ਕਿ ਕੁੱਝ ਕੂੜਾ ਅਜੇ ਵੀ ਜਮ੍ਹਾਂ ਕਰਨਾ ਬਾਕੀ ਹੈ। ਇਹ ਕੂੜਾ ਬਰਫ ਨਾਲ ਢੱਕਿਆ ਹੈ ਅਤੇ ਤਾਪਮਾਨ ਵਧਣ ਦੇ ਬਾਅਦ ਹੀ ਨਜ਼ਰ ਆਉਂਦਾ ਹੈ। 

ਅਧਿਕਾਰੀ ਅਜੇ ਇਸ ਗੱਲ ਦਾ ਪਤਾ ਨਹੀਂ ਲਗਾ ਸਕੇ ਕਿ ਪਰਬਤ 'ਤੇ ਹੁਣ ਵੀ ਕਿੰਨੀ ਮਾਤਰਾ 'ਚ ਕੂੜਾ ਮੌਜੂਦ ਹੈ। ਵਧੇਰੇ ਕੂੜਾ ਕੈਂਪ 2 ਅਤੇ 3 'ਚ ਹੈ। ਇਹ ਉਹ ਹੀ ਕੈਂਪ ਹਨ ਜੋ ਬੇਸ ਕੈਂਪ ਅਤੇ ਚੋਟੀ ਦੇ ਵਿਚਕਾਰ ਪੈਂਦੇ ਹਨ ਅਤੇ ਪਰਬਤਾਰੋਹੀ ਇੱਥੇ ਆਰਾਮ ਕਰਦੇ ਹਨ।

ਸੈਲਾਨੀ ਵਿਭਾਗ ਦੇ ਨਿਰਦੇਸ਼ਕ ਜਨਰਲ ਡਾਂਡੂ ਰਾਜ ਘਿਮਿਰੇ ਨੇ ਦੱਸਿਆ ਕਿ 20 ਸ਼ੇਰਪਾ ਪਰਬਤਾਰੋਹੀ ਵਾਲੀ ਸਫਾਈ ਟੀਮ ਨੇ ਅਪ੍ਰੈਲ ਤੋਂ ਮਈ ਵਿਚਕਾਰ ਵੱਖਰੇ-ਵੱਖਰੇ ਕੈਂਪ ਦੌਰਾਨ 5 ਟਨ ਕੂੜਾ ਬਰਾਮਦ ਕੀਤਾ। ਬਾਕੀ ਦਾ 6 ਟਨ ਕੂੜਾ ਹੇਠਲੇ ਖੇਤਰ ਤੋਂ ਮਿਲਿਆ ਹੈ। ਬਰਫ ਪਿਘਲਣ ਕਾਰਨ 4 ਲਾਸ਼ਾਂ ਵੀ ਦਿਖਾਈ ਦਿੱਤੀਆਂ ਹਨ। ਇਨ੍ਹਾਂ ਲਾਸ਼ਾਂ ਦੀ ਪਛਾਣ ਕਰਨ ਲਈ ਕਾਠਮੰਡੂ ਦੇ ਇਕ ਹਸਪਤਾਲ 'ਚ ਲੈ ਜਾਇਆ ਗਿਆ ਹੈ। ਕਈ ਵਾਰ ਚੋਟੀ ਤੋਂ ਹੇਠਾਂ ਆਉਣ 'ਚ ਪਰਬਤਾਰੋਹੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਉਹ ਆਪਣੀ ਟੀਮ ਦੇ ਮਰ ਚੁੱਕੇ ਮੈਂਬਰਾਂ ਨੂੰ ਹੇਠਾਂ ਨਹੀਂ ਲਿਆਂਦੇ। ਅਜੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਹੋਰ ਕਿੰਨੀਆਂ ਕੁ ਲਾਸ਼ਾਂ ਪਰਬਤ 'ਤੇ ਹਨ।