ਰੋਂਦੀਆਂ ਮਾਂਵਾਂ ਦਾ ਇਕ ਸੁਨੇਹਾ ਉਨ੍ਹਾਂ ਪੁੱਤਾਂ ਦੇ ਨਾਂ ਜੋ ਛੱਡ ਕੇ ਚਲੇ ਗਏ ਤੇ ਮੁੜ ਕਦੇ ਨਾ ਆਏ...

08/21/2017 10:17:01 AM

ਟੋਰਾਂਟੋ— ਕੈਨੇਡਾ ਦੇ ਟੋਰਾਂਟੋ ਸ਼ਹਿਰ ਦੀ ਕੈਨਿਸਗਟਨ ਮਾਰਕਿਟ 'ਚ ਪਿਛਲੇ ਸਾਲ ਜੁਲਾਈ ਮਹੀਨੇ ਕੁੱਝ ਲੋਕਾਂ ਨੇ ਗੋਲੀਬਾਰੀ ਕੀਤੀ ਸੀ ਜਿਸ 'ਚ ਕੁੱਝ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਯਾਦ 'ਚ ਟੋਰਾਂਟੋ ਦੇ ਕੁਈਨਜ਼ ਪਾਰਕ 'ਚ ਕੁੱਝ ਮਾਂਵਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਰੈਲੀ ਕੱਢੀ। ਇੱਥੇ 5 ਨੌਜਵਾਨਾਂ ਦੀਆਂ ਮਾਵਾਂ ਨੇ ਮੰਗ ਕੀਤੀ ਹੈ ਕਿ ਗਲਤ ਨੌਜਵਾਨਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਸਰਕਾਰ ਵੀ ਸਖਤ ਕਦਮ ਉਠਾਵੇ । ਇਨ੍ਹਾਂ ਨੇ ਸਿਟੀ ਹਾਲ ਤੋਂ ਕੁਈਨਜ਼ ਪਾਰਕ ਤਕ ਸ਼ਾਂਤਮਈ ਢੰਗ ਨਾਲ ਰੈਲੀ ਕੀਤੀ ਤੇ ਆਪਣੇ ਦਰਦ ਫਰੋਲੇ।


ਇਨ੍ਹਾਂ ਮਾਂਵਾਂ ਨੇ ਆਪਣਾ ਦੁੱਖ ਫਰੋਲਦਿਆਂ ਦੱਸਿਆ ਕਿ ਉਨ੍ਹਾਂ ਦੇ ਪੁੱਤਾਂ ਨੂੰ ਪਿਛਲੇ ਸਾਲ ਜੁਲਾਈ ਮਹੀਨੇ 'ਚ ਕੈਨਿਸਗਟਨ ਮਾਰਕਿਟ 'ਚ ਵਾਪਰੇ ਹਾਦਸੇ ਨੇ ਨਿਗਲ ਲਿਆ ਪਰ ਉਹ ਰੋਜ਼ ਤਿਲ-ਤਿਲ ਮਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜਦ ਵੀ ਇਨ੍ਹਾਂ ਰਸਤਿਆਂ ਤੋਂ ਲੰਘਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ 'ਚੋਂ ਆਪਣੇ-ਆਪ ਹੰਝੂ ਡਿਗਣ ਲੱਗ ਜਾਂਦੇ ਹਨ। 


ਟੀਨਾ ਫਾਇਬਿਸ਼ ਨਾਂ ਦੀ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਦਾ ਪੁੱਤ ਜੋਨਾਥਨ ਖਾਨ ਵੀ ਪਿਛਲੀਆਂ ਗਰਮੀਆਂ 'ਚ ਕੈਨਿਸਗਟਨ ਮਾਰਕਿਟ 'ਚ ਗੋਲੀਬਾਰੀ 'ਚ ਮਾਰਿਆ ਗਿਆ ਸੀ ਅਤੇ ਹੁਣ ਉਹ  ਛੋਟੀ ਜਿਹੀ ਪੋਤੀ ਨੂੰ ਉਹ ਸੰਭਾਲ ਰਹੀ ਹੈ। ਇਨ੍ਹਾਂ ਔਰਤਾਂ ਨੇ ਭਰੇ ਦਿਲ ਨਾਲ ਕਿਹਾ ਕਿ ਉਨ੍ਹਾਂ ਦੇ ਪੁੱਤਾਂ ਦਾ ਕੋਈ ਕਸੂਰ ਨਹੀਂ ਸੀ ਪਰ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਅਤੇ ਉਹ ਚਾਹੁੰਦੀਆਂ ਹਨ ਕਿ ਨਿਆਂ ਪ੍ਰਬੰਧ ਇੰਨਾ ਕੁ ਸਖਤ ਹੋ ਜਾਣਾ ਚਾਹੀਦਾ ਹੈ ਕਿ ਕੋਈ ਵੀ ਦੋਸ਼ੀ ਮੁੜ ਕਿਸੇ ਦਾ ਘਰ ਨਾ ਉਜਾੜ ਸਕੇ। ਬੋਕਮਾ ਨਾਂ ਦੀ ਔਰਤ ਨੇ ਕਿਹਾ ਕਿ ਰੋਜ਼ਾਨਾ ਅਜਿਹੀਆਂ ਹੀ ਘਟਨਾਵਾਂ ਵਾਪਰਦੀਆਂ ਹਨ ਤੇ ਉਨ੍ਹਾਂ ਦੇ ਜ਼ਖਮ ਹਰੇ ਕਰ ਜਾਂਦੀਆਂ ਹਨ।