ਇਟਲੀ ''ਚ ਹੜ੍ਹ ਨੇ ਲਈ ਮਾਂ-ਪੁੱਤ ਦੀ ਜਾਨ, ਇੱਕ ਬੱਚਾ ਲਾਪਤਾ

10/06/2018 10:17:19 AM

ਰੋਮ (ਕੈਂਥ)— ਇਟਲੀ ਦੇ ਰਿਜੋਕਲਾਬਰੀਆ ਇਲਾਕੇ ਵਿੱਚ ਖਰਾਬ ਮੌਸਮ ਅਤੇ ਹੜ੍ਹ ਕਾਰਨ ਇੱਕ ਔਰਤ ਅਤੇ ਉਸ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਰਿਜੋਕਲਾਬਰੀਆ ਇਲਾਕੇ ਵਿੱਚ ਤੇਜ਼ ਮੀਂਹ ਕਾਰਨ ਸਥਾਨਕ ਲੋਕਾਂ ਦਾ ਜਨ ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਇਸ ਤੇਜ਼ ਮੀਂਹ ਦੇ ਪਾਣੀ ਦੇ ਵਹਾਅ ਵਿੱਚ ਹੀ ਸਤੇਫਾਨੀਆਂ ਦੀ ਔਰਤ ਅਤੇ ਉਸ ਦੇ ਦੋ ਬੱਚੇ ਰੁੜ੍ਹ ਗਏ, ਜਿਨ੍ਹਾਂ 'ਚੋਂ ਇਕ ਸਾਲ ਦੇ ਬੱਚੇ ਅਤੇ ਉਸ ਦੀ ਮਾਂ ਦੀ ਲਾਸ਼ ਮਿਲ ਗਈ ਹੈ। ਫਿਲਹਾਲ 7 ਸਾਲਾ ਬੱਚੇ ਦੀ ਰਾਹਤ ਕਰਮਚਾਰੀ ਭਾਲ ਕਰ ਰਹੇ ਹਨ।


ਰਿਜੋਕਲਾਬਰੀਆ ਦੇ ਕਈ ਹਿੱਸਿਆਂ 'ਚ ਮੌਸਮ ਬਹੁਤ ਖਰਾਬ ਹੋਣ ਕਾਰਨ ਅਤੇ ਹੜ੍ਹ ਕਾਰਨ ਜ਼ਮੀਨ ਕਈ ਥਾਵਾਂ ਤੋਂ ਹੇਠਾਂ ਧੱਸ ਗਈ ਹੈ, ਜਿਸ ਲਈ ਕਈ ਪਰਿਵਾਰਾਂ ਨੂੰ ਘਰ ਖਾਲੀ ਕਰਨ ਦੇ ਸਥਾਨਕ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਹੋ ਚੁੱਕੇ ਹਨ। ਇਸ ਇਲਾਕੇ 'ਚੋਂ ਰਾਹਤ ਕਰਮਚਾਰੀਆਂ ਨੇ ਉਨ੍ਹਾਂ 16 ਲੋਕਾਂ ਦੀ ਜਾਨ ਬਚਾਈ ਜਿਹੜੇ ਕਿ ਘਰਾਂ 'ਚ ਮੀਂਹ ਦਾ ਪਾਣੀ ਨੱਕੋ-ਨੱਕ ਆ ਜਾਣ ਕਾਰਨ ਘਰ ਦੀਆਂ ਛੱਤਾਂ ਉੱਪਰ ਚੜ੍ਹੇ ਹੋਏ ਸਨ। ਗਵਰਨਰ ਮਾਰੀਓ ਓਲੀਵੇਰੀਓ ਨੇ ਕੇਂਦਰ ਸਰਕਾਰ ਨੂੰ ਸੂਬੇ ਵਿੱਚ ਐਂਮਰਜੈਂਸੀ ਐਲਾਨ ਕਰਨ ਦੀ ਗੁਜਾਰਿਸ਼ ਕੀਤੀ ਹੈ ਤਾਂ ਜੋ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਪਹਿਲਾਂ ਅਗਸਤ ਮਹੀਨੇ ਵੀ ਇਸ ਇਲਾਕੇ ਵਿੱਚ ਹੜ੍ਹ ਆਇਆ ਸੀ, ਜਿਸ ਦੌਰਾਨ 11 ਲੋਕਾਂ ਦੀ ਜਾਨ ਚਲੇ ਗਈ ਸੀ।