ਮਦਰਜ਼ ਡੇਅ ਦੀਆਂ ਖੁਸ਼ੀਆਂ ਪਈਆਂ ਫਿੱਕੀਆਂ, ਮਾਂ ਦੀਆਂ ਅੱਖਾਂ ਸਾਹਮਣੇ ਹੋਈ ਧੀ ਦੀ ਮੌਤ

05/14/2018 3:35:36 PM

ਦੱਖਣੀ ਆਸਟ੍ਰੇਲੀਆ— ਦੱਖਣੀ ਆਸਟ੍ਰੇਲੀਆ 'ਚ ਮਦਰਜ਼ ਡੇਅ ਵਾਲੇ ਦਿਨ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 15 ਸਾਲਾ ਕੁੜੀ ਦੀ ਮੌਤ ਹੋ ਗਈ। ਇਹ ਹਾਦਸਾ ਬੈਂਗਰ ਵਿਚ ਜਰਮੇਨ ਜਾਰਜ ਰੋਡ 'ਤੇ ਐਤਵਾਰ ਤਕਰੀਬਨ 11.00 ਵਜੇ ਵਾਪਰਿਆ। ਪੁਲਸ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ 'ਚ 15 ਸਾਲਾ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਮਾਂ ਕਾਰ ਡਰਾਈਵ ਕਰ ਰਹੀ ਸੀ ਅਤੇ ਕੁੜੀ ਪਿੱਛੇ ਬੈਠੀ ਹੋਈ ਸੀ। ਹਾਦਸੇ 'ਚ ਮਾਂ ਵੀ ਜ਼ਖਮੀ ਹੋ ਗਈ। ਕਾਰ 'ਚ ਸਵਾਰ 7 ਸਾਲਾ ਮੁੰਡਾ ਗੰਭੀਰ ਜ਼ਖਮੀ ਹੋਇਆ ਹੈ, ਉਸ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। 
ਪੁਲਸ ਮੁਤਾਬਕ ਕਾਰ 'ਚ 4 ਹੋਰ ਕੁੜੀਆਂ ਸਵਾਰ ਸਨ, ਜਿਨ੍ਹਾਂ ਦੀ ਉਮਰ 4 ਅਤੇ 14 ਸਾਲ ਦੇ ਦਰਮਿਆਨ ਹੈ। ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ, ਉਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਮਗਰੋਂ ਰੋਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਕੁਝ ਘੰਟਿਆਂ ਬਾਅਦ ਇਸ ਨੂੰ ਮੁੜ ਖੋਲ੍ਹਿਆ ਗਿਆ। ਸੀਨੀਅਰ ਸਾਰਜੈਂਟ ਸਟਿਫਨ ਮੁਰੇ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਹਾਦਸੇ ਵਿਚ 15 ਸਾਲਾ ਕੁੜੀ ਦੀ ਮੌਤ ਹੋ ਗਈ ਅਤੇ 7 ਸਾਲਾ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਾਦਸੇ ਦੇ ਸਮੇਂ ਮਾਂ ਡਰਾਈਵਿੰਗ ਕਰ ਰਹੀ ਸੀ, ਉਹ ਵੀ ਹਾਦਸੇ ਵਿਚ ਜ਼ਖਮੀ ਹੋਈ ਹੈ।