ਪਾਕਿ 'ਚ ਘੱਟ ਗਿਣਤੀ ਭਾਈਚਾਰੇ ਦੀ ਮਸਜਿਦ ਕੀਤੀ ਗਈ ਢਹਿ-ਢੇਰੀ

05/24/2018 5:07:38 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਿਆਲਕੋਟ ਵਿਚ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੀ ਇਕ ਮਸਜਿਦ ਨੂੰ ਸੁੰਨੀ ਅੱਤਵਾਦੀਆਂ ਨੇ ਵੀਰਵਾਰ ਨੂੰ ਢਹਿ-ਢੇਰੀ ਕਰ ਦਿੱਤਾ। ਪਾਕਿਸਤਾਨ ਵਿਚ ਘੱਟ ਗਿਣਤੀ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਇਹ ਤਾਜ਼ਾ ਉਦਾਹਰਣ ਹੈ। ਢਹਿ-ਢੇਰੀ ਕਰਨ ਸਮੇਂ ਅਹਿਮਦੀਆ ਮਸਜਿਦ ਦੇ ਅੰਦਰ ਕੋਈ ਨਹੀਂ ਸੀ। ਵੀਰਵਾਰ ਤੜਕਸਾਰ ਕੀਤੀ ਗਈ ਇਸ ਕਾਰਵਾਈ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਹਿੰਸਾ ਤੋਂ ਬਚਣ ਲਈ ਅਧਿਕਾਰੀਆਂ ਨੇ ਇਸ ਮਸਜਿਦ ਨੂੰ ਕਈ ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਸੀ। 
ਸੋਸ਼ਲ ਮੀਡੀਆ 'ਤੇ ਇਸ ਹਮਲੇ ਦਾ ਇਕ ਵੀਡੀਓ ਆਇਆ ਹੈ, ਜਿਸ ਵਿਚ ਭੀੜ ਨੂੰ ਮਸਜਿਦ ਨੂੰ ਢੇਰੀ ਕਰਦਿਆਂ ਦਿਖਾਇਆ ਗਿਆ ਹੈ। ਸਮਝਿਆ ਜਾਂਦਾ ਹੈ ਕਿ 19ਵੀਂ ਸਦੀ ਵਿਚ ਅਹਿਮਦੀਆ ਭਾਈਚਾਰੇ ਦੀ ਸਥਾਪਨਾ ਕਰਨ ਵਾਲੇ ਮਿਰਜ਼ਾ ਗੁਲਾਮ ਅਹਿਮਦ ਇਸ ਮਸਜਿਦ ਵਿਚ ਆਏ ਸਨ। ਪਾਕਿਸਤਾਨ ਨੇ ਸਾਲ 1974 ਵਿਚ ਅਹਿਮਦੀਆ ਭਾਈਚਾਰੇ ਨੂੰ ਗੈਰ ਇਸਲਾਮੀ ਐਲਾਨ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਮੁਸਲਿਮ ਬਹੁਗਿਣਤੀ ਦੇਸ਼ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਕਾਫੀ ਘੱਟ ਹੈ ਅਤੇ ਸੁੰਨੀ ਅੱਤਵਾਦੀ ਉਨ੍ਹਾਂ ਨੂੰ ਅਕਸਰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।