MP ਧਾਲੀਵਾਲ ਦੀ ਮਾਤਾ ਸਣੇ 15 ਹਜ਼ਾਰ ਕੈਨੇਡੀਅਨ ਭਾਰਤ 'ਚ ਲਾਕਡਾਊਨ

03/25/2020 10:38:59 AM

ਓਟਾਵਾ : ਭਾਰਤ ਨੇ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਹੈ। ਲੋਕ ਜਿੱਥੇ ਵੀ ਹਨ, ਉਨ੍ਹਾਂ ਨੂੰ ਉੱਥੇ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਇਸ ਵਿਚਕਾਰ ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ ਭਾਰਤ ਵਿਚ ਲਗਭਗ 15,000 ਕੈਨੇਡਾ ਦੇ ਪਾਸਪੋਰਟ ਧਾਰਕ ਫਸ ਗਏ ਹਨ। ਇਨ੍ਹਾਂ ਵਿਚ ਕੈਨੇਡਾ ਦੇ ਸਰੀ-ਨਿਊਟਨ ਹਲਕੇ ਤੋਂ ਐੱਮ. ਪੀ. ਸੁੱਖ ਧਾਲੀਵਾਲ ਦੇ ਮਾਤਾ ਜੀ ਵੀ ਭਾਰਤ ਵਿਚ ਫਸ ਗਏ ਹਨ।

 

ਭਾਰਤ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਅਤੇ 21 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਹੈ, ਜਿਸ ਕਾਰਨ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ। ਸਰੀ-ਨਿਊਟਨ ਲਿਬਰਲ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਦੀ 80 ਸਾਲਾ ਮਾਤਾ ਭਾਰਤ ਵਿਚ ਫਸੇ ਲੋਕਾਂ ਵਿਚ ਸ਼ਾਮਲ ਹੈ।

ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਿ ਕੈਨੇਡੀਅਨਾਂ ਨੂੰ ਜਲਦ ਘਰ ਲਿਆਉਣਾ ਸੌਖਾ ਹੋਵੇਗਾ ਕਿਉਂਕਿ ਭਾਰਤ ਨੇ ਏਅਰਫੀਲਡ ਬੰਦ ਕਰ ਦਿੱਤਾ ਹੈ, ਅਸੀਂ ਹਵਾਈ ਖੇਤਰ ਤੱਕ ਪਹੁੰਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਨੇ ਦੋਵਾਂ ਏਅਰਲਾਈਨਾਂ ਏਅਰ ਕੈਨੇਡਾ ਅਤੇ ਵੈਸਟਜੈੱਟ ਦੇ ਸੀ. ਈ. ਓ. ਨਾਲ ਵੀ ਗੱਲਬਾਤ ਕੀਤੀ ਹੈ।

 

ਉੱਥੇ ਹੀ, ਕੈਨੇਡਾ ਦੇ ਕਈ ਪਾਸਪੋਰਟ ਧਾਰਕ ਪੰਜਾਬ ਵਿਚ ਫਸ ਗਏ ਹਨ, ਉਨ੍ਹਾਂ ਵਿਚੋਂ ਕੁਝ ਨੇ ਟਵੀਟ ਕਰਕੇ ਜਸਟਿਨ ਟਰੂਡੋ ਨੂੰ ਘਰ ਵਾਪਸੀ ਦੀ ਗੁਹਾਰ ਲਾਈ ਹੈ। ਸੀ. ਬੀ. ਸੀ. ਦੀ ਰਿਪੋਰਟ ਅਨੁਸਾਰ ਸਰੀ ਦੇ ਟਾਊਨ ਕਲੋਵਰਡੇਲ ਦੇ ਰਹਿਣ ਵਾਲੇ ਰਵੀ ਗਿੱਲ ਮੁਤਾਬਕ ਉਸ ਦੇ ਪਿਤਾ ਹਰਦੀਨ ਸਿੰਘ ਗਿੱਲ ਸਮੇਤ ਉਸ ਦੇ ਪਰਿਵਾਰਕ ਮੈਂਬਰ ਪੰਜਾਬ ਵਿਚ ਹਨ ਤੇ ਫਲਾਈਟਾਂ ਰੱਦ ਹੋਣ ਕਾਰਨ ਉਹ ਉੱਥੇ ਫਸ ਗਏ ਹਨ। 

ਕਿਮ ਕੌਰ ਨਾਂ ਦੀ ਇਕ ਮਹਿਲਾ ਨੇ ਟਵੀਟ ਕੀਤਾ ਹੈ ਕਿ ਲਾਕਡਾਊਨ ਹੋਣ ਕਾਰਨ ਉਨ੍ਹਾਂ ਦੀ ਮਾਂ ਤੇ ਆਂਟੀ ਪੰਜਾਬ ਵਿਚ ਫਸ ਗਈ ਹੈ। ਕੌਰ ਨੇ ਟਵੀਟ ਵਿਚ ਕਿਹਾ, "ਮੇਰੀ ਮਾਂ ਤੇ ਆਂਟੀ ਦੀਆਂ ਉਡਾਣਾਂ ਕਈ ਵਾਰ ਯੂਨਾਈਟਿਡ, ਤੁਰਕੀ, ਜਾਂ ਏਅਰ ਕੈਨੇਡਾ ਵੱਲੋਂ ਰੱਦ ਕੀਤੀਆਂ ਗਈਆਂ ਹਨ। ਮੇਰੀ ਮੰਮੀ ਵੀ ਇਕ ਸ਼ੂਗਰ ਮਰੀਜ਼ ਹੈ" 

 

 

Lalita Mam

This news is Content Editor Lalita Mam