ਮਨਮੀਤ ਅਲੀਸ਼ੇਰ ਦੇ ਕਾਤਲ ਦੇ ਮਾਨਸਿਕ ਰੋਗ ਨੂੰ ਲੈ ਕੇ ਸਾਲਾਂ ਤੱਕ ਉਲਝ ਸਕਦਾ ਹੈ ਅਦਾਲਤੀ ਫੈਸਲਾ

02/02/2017 1:59:14 PM

ਬ੍ਰਿਸਬੇਨ— ਆਸਟਰੇਲੀਆ ''ਚ ਮੌਤ ਦੇ ਘਾਟ ਉਤਾਰੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਹੱਤਿਆਰੇ ਦੀ ਕਿਸਮਤ ਦੇ ਬਾਰੇ ''ਚ ਫੈਸਲਾ ਕਰਨ ਲਈ ਅਦਾਲਤ ਨੂੰ ਸਾਲਾਂ ਦਾ ਸਮਾਂ ਲੱਗ ਸਕਦਾ ਹੈ। 42 ਸਾਲਾ ਕਾਤਲ ਐਂਥਨੀ ਮਾਰਕ ਐਡਵਰਡ ਓਡੋਨਹਿਊ ਨੂੰ ਮਾਨਸਿਕ ਸਿਹਤ ਸੰਬੰਧੀ ਵਿਭਾਗ ਦੀ ਹਿਰਾਸਤ ''ਚ ਰੱਖਿਆ ਗਿਆ ਹੈ ਅਤੇ ਪਹਿਲਾਂ ਇਹ ਮਾਮਲਾ ਬ੍ਰਿਸਬੇਨ ਮੈਜਿਸਟਰੇਟ ਕੋਰਟ ''ਚ ਵਿਚਾਰਿਆ ਗਿਆ ਸੀ। ਇਸ ਪਿੱਛੋਂ ਅਦਾਲਤ ਨੇ ਐਂਥਨੀ ਦੀ ਮਾਨਸਿਕ ਸਿਹਤ ਦੇ ਕਾਰਨ ਇਸ ਕੇਸ ਨੂੰ ਮੈਂਟਲ ਹੈਲਥ ਕੋਰਟ ਦੇ ਸੁਪਰਦ ਕਰ ਦਿੱਤਾ ਗਿਆ। ਹਾਲਾਂਕਿ ਦੋਸ਼ੀ ਐਂਥਨੀ ਨੂੰ ਅਜੇ ਤੱਕ ਮਾਨਸਿਕ ਸਿਹਤ ਅਦਾਲਤ ''ਚ ਨਹੀਂ ਭੇਜਿਆ ਗਿਆ, ਕਿਉਂਕਿ ਇਸਤਗਾਸਾ ਪੱਖ ਉਸ ਮਾਨਸਿਕ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸ ਦੇ ਆਧਾਰ ''ਤੇ ਇਹ ਫੈਸਲਾ ਹੋਵੇਗਾ ਕਿ ਉਹ ਮੁਕੱਦਮੇ ਲਈ ਬਿਲਕੁਲ ਤੰਦਰੁਸਤ ਹੈ ਜਾਂ ਨਹੀਂ। ਮੈਜਿਸਟਰੇਟ ਸੁਜ਼ੇਟ ਕੋਟਸ ਦਾ ਕਹਿਣਾ ਹੈ ਕਿ ਐਂਥਨੀ ਵਿਰੁੱਧ ਕਾਫੀ ਗੰਭੀਰ ਦੋਸ਼ ਲੱਗੇ ਹਨ ਅਤੇ ਇਸ ਬਾਰੇ ''ਚ ਫੈਸਲਾ ਕਰਨ ਲਈ ਦੋ ਜਾਂ ਤਿੰਨ ਸਾਲਾਂ ਦਾ ਸਮਾਂ ਤਾਂ ਲੱਗ ਸਕਦਾ ਹੈ। ਇਸ ਪੂਰੇ ਮਾਮਲੇ ਦੇ ਸੰਬੰਧ ''ਚ ਸੁਣਵਾਈ ਆਉਣ ਵਾਲੇ ਮਈ ਮਹੀਨੇ ''ਚ ਹੋਵੇਗੀ। ਇਹ ਉਮੀਦ ਜਤਾਈ ਜਾ ਰਹੀ ਹੈ ਕਿ ਇੰਨੇ ਸਮੇਂ ''ਚ ਐਂਥਨੀ ਦੀ ਮਾਨਸਿਕ ਸਿਹਤ ਨਾਲ ਸੰਬੰਧਤ ਰਿਪੋਰਟ ਅਦਾਲਤ ''ਚ ਪੇਸ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ।
ਦੱਸਣਯੋਗ ਹੈ ਕਿ ਬਹੁਪੱਖੀ ਸਖ਼ਸ਼ੀਅਤ ਦਾ ਮਾਲਕ 29 ਸਾਲਾ ਮਨਮੀਤ, ਬ੍ਰਿਸਬੇਨ ਸਿਟੀ ਕੌਂਸਲ ਦਾ ਬੱਸ ਚਾਲਕ ਸੀ। ਬੀਤੀ 28 ਅਕਤਬੂਰ ਨੂੰ ਜਦੋਂ ਉਸ ਨੇ ਡਿਊਟੀ ਦੌਰਾਨ ਮਾਰੂਕਾ ਦੇ ਬੱਸ ਸਟਾਪ ''ਤੇ ਸਵਾਰੀਆਂ ਚੜ੍ਹਾਉਣ ਲਈ ਬੱਸ ਰੋਕੀ ਤਾਂ ਐੈਂਥਨੀ ਬੱਸ ''ਚ ਚੜ੍ਹਿਆ ਅਤੇ ਉਸ ਨੇ ਕੋਈ ਜਲਣਸ਼ੀਲ ਪਦਾਰਥ ਸੁੱਟ ਕੇ ਮਨਮੀਤ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੁਲਸ ਨੇ ਐਂਥਨੀ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।