''ਭਾਰਤ ਨੂੰ ਡਰੋਨ ਵੇਚਣ ਨਾਲ ਅਮਰੀਕਾ ਨਾਲ ਦੋ-ਪੱਖੀ ਸੰਬੰਧ ਹੋਣਗੇ ਮਜ਼ਬੂਤ''

08/19/2017 11:46:07 AM

ਵਾਸ਼ਿੰਗਟਨ— ਭਾਰਤ ਨੂੰ 2 ਅਰਬ ਡਾਲਰ ਦੀ ਅਨੁਮਾਨਿਤ ਰਕਮ ਵਿਚ ਸਮੁੰਦਰ ਦੀ ਨਿਗਰਾਨੀ ਕਰਨ ਵਾਲੇ 22 ਗਾਰਡੀਅਨ ਡਰੋਨ ਵੇਚਣ ਦੇ ਅਮਰੀਕਾ ਦੇ ਫੈਸਲੇ ਨਾਲ ਉਸ ਦੇ ਦੇਸ਼ ਵਿਚ ਕਰੀਬ 2,000 ਨੌਕਰੀਆਂ ਪੈਦਾ ਹੋਣਗੀਆਂ ਅਤੇ ਦੋ-ਪੱਖੀ ਸੰਬੰਧ ''ਮਜ਼ਬੂਤ'' ਹੋਣਗੇ। ਅਮਰੀਕਾ ਅਤੇ ਅੰਤਰ ਰਾਸ਼ਟਰੀ ਰਣਨੀਤਕ ਵਿਕਾਸ, ਜਨਰਲ ਐਟਾਮਿਕਸ ਦੇ ਮੁੱਖ ਕਾਰਜਕਾਰੀ ਵਿਵੇਕ ਲਾਲ ਨੇ ਕੱਲ੍ਹ ਅਮਰੀਕਾ ਦੇ ਵਿਚਾਰਕ ਸਮੂਹ ਅਟਲਾਂਟਿਕ ਕਾਊਂਸਿਲ ਨੂੰ ਕਿਹਾ,''ਇਸ ਫੈਸਲੇ ਨੂੰ ਅਮਰੀਕਾ-ਭਾਰਤ ਦੋ-ਪੱਖੀ ਰੱਖਿਆ ਸੰਬੰਧ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਣ ਕਦਮ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ।'' ਲਾਲ ਨੇ ਸੈਨੇਟ ਇੰਡੀਆ ਕੌਕਸ ਦੇ ਉੱਪ-ਪ੍ਰਧਾਨ ਸੈਨੇਟਰ ਜੌਨ ਕੋਰਨਿਨ ਦੀ ਗੱਲ ਦੁਹਰਾਈ, ਜਿਨ੍ਹਾਂ ਨੇ ਟਵੀਟ ਕਰ ਕਿਹਾ,''ਡਰੋਨ ਦੀ ਵਿਕਰੀ ਨਾਲ ਅਮਰੀਕਾ-ਭਾਰਤ ਸੰਬੰਧ ਮਜ਼ਬੂਤ ਹੋਣਗੇ।'' 
ਇਸ ਸੌਦੇ ਦੇ ਸੰਬੰਧ ਵਿਚ ਟਰੰਪ ਨੇ ਜੂਨ ਵਿਚ ਐਲਾਨ ਕੀਤਾ ਸੀ, ਜਦੋਂ ਉਹ ਵਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਸਨ। ਲਾਲ ਨੇ ਕਿਹਾ ਕਿ ਜਨਰਲ ਐਟਾਮਿਕਸ ਦੁਆਰਾ ਬਣੇ ਡਰੋਨ ਦੀ ਭੱਵਿਖ ਵਿਚ ਹੋਣ ਵਾਲੀ ਖਰੀਦ ਅਮਰੀਕਾ ਦੁਆਰਾ ਅਜਿਹੇ ਦੇਸ਼ ਨੂੰ ਡਰੋਨ ਵੇਚਣ ਦਾ ਪਹਿਲਾ ਮਾਮਲਾ ਹੈ, ਜੋ ਨਾਟੋ ਦਾ ਮੈਂਬਰ ਨਹੀਂ ਹੈ। ਅਜਿਹੇ ਸਮੇਂ ਵਿਚ ਜਦੋਂ ਚੀਨ ਨੇ ਦੱਖਣੀ ਚੀਨ ਸਾਗਰ 'ਤੇ ਆਪਣੀ ਨਜ਼ਰ ਰੱਖੀ ਹੈ ਤਾਂ ਲਾਲ ਨੇ ਊਮੀਦ ਜਾਹਰ ਕੀਤੀ ਕਿ ਭਾਰਤ ਕੋਲ ਹਿੰਦ ਮਹਾਸਾਗਰ ਵਿਚ ਆਪਣੇ ਹਿੱਤਾਂ ਦੀ ਰੱਖਿਆ ਲਈ ਖੇਤਰੀ ਸ਼ਕਤੀ ਸੰਤੁਲਨ ਬਣਾਉਣ ਅਤੇ ਉਸ ਦੀ ਅਗਵਾਈ ਕਰਨ ਦਾ ਮੌਕਾ ਹੈ। 
ਹਾਲ ਹੀ ਵਿਚ ਭਾਰਤ ਨੇ ਇਜ਼ਰਾਈਲ ਤੋਂ 40 ਕਰੋੜ ਡਾਲਰ ਦੇ 10 ਉਨੱਤ ਡਰੋਨ ਖਰੀਦੇ ਸਨ। ਇਸ ਸੌਦੇ ਨਾਲ ਇਜ਼ਰਾਈਲ ਹਥਿਆਰ ਵੇਚਣ ਵਿਚ ਅਮਰੀਕਾ ਦਾ ਪ੍ਰਤੀਯੋਗੀ ਬਣ ਗਿਆ ਹੈ। ਲਾਲ ਮੁਤਾਬਕ ਭਾਰਤ ਜਲ ਸੈਨਾ ਜਦੋਂ ਸਮੁੰਦਰ ਦੀ ਨਿਗਰਾਨੀ ਕਰਨ ਵਾਲੇ ਡਰੋਨ ਦੀ ਵਰਤੋਂ ਕਰੇਗੀ ਤਾਂ ਭਾਰਤ ਦੀਆਂ ਭਰੋਸੇਯੋਗ ਸਮਰੱਥਾਵਾਂ ਵੱਧਣਗੀਆਂ, ਜੋ ਸਮੁੰਦਰੀ ਖੇਤਰ ਵਿਚ ਭਾਰਤ ਦੀ ਸੁਰੱਖਿਆ ਲਈ ਖਾਸ ਹਨ। ਉਨ੍ਹਾਂ ਨੇ ਕਿਹਾ,'' ਇਸ ਦੇ ਇਲਾਵਾ ਭਾਰਤ ਇਸ ਖੇਤਰ ਵਿਚ ਸਮੁੰਦਰੀ ਡਕੈਤੀ, ਅੱਤਵਾਦ, ਵਾਤਾਵਰਣ ਅਸੰਤੁਲਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੀਆਂ ਚੁਣੌਤਿਆਂ ਦੀ ਸਾਹਮਣਾ ਕਰ ਸਕੇਗਾ। ਸਮੰਦੁਰੀ ਖੇਤਰ ਵਿਚ ਜਾਗਰੂਕਤਾ ਨਾਲ ਭਾਰਤੀ ਜਲ ਸੈਨਾ ਨੂੰ ਹਿੰਦ ਮਹਾਸਾਗਰ ਵਿਚ ਗਸ਼ਤ ਕਰਨ ਵਿਚ ਮਦਦ ਮਿਲੇਗੀ।'' ਇਕ ਸਵਾਲ ਦੇ ਜਵਾਬ ਵਿਚ ਲਾਲ ਨੇ ਕਿਹਾ ਕਿ ਇਸ ਵਿਕਰੀ ਨਾਲ ਅਮਰੀਕਾ ਵਿਚ ਸਿੱਧੇ ਤੌਰ 'ਤੇ ਘੱਟ ਤੋਂ ਘੱਟ 2,000 ਨੌਕਰੀਆਂ ਅਤੇ ਅਪ੍ਰੱਤਖ ਰੂਪ ਨਾਲ ਅਣਗਿਣਤ ਨੌਕਰੀਆਂ ਪੈਦਾ ਹੋਣਗੀਆਂ ਜਾਂ ਬਚਾਈਆਂ ਜਾ ਸਕਣਗੀਆਂ।