ਕੋਰੋਨਾ ਪੀੜਤ ਗਰਭਵਤੀ ਔਰਤ ਨੇ ਕੋਮਾ ''ਚ ਸਿਹਤਮੰਦ ਬੱਚੀ ਨੂੰ ਦਿੱਤਾ ਜਨਮ

04/15/2020 1:44:40 PM

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਹਿਰ ਵਿਚ ਮੈਡੀਕਲ ਅਧਿਕਾਰੀਆਂ ਨੇ ਰਾਹਤ ਭਰੀ ਖਬਰ ਦਿੱਤੀ ਹੈ। ਇੱਥੇ ਇਕ 27 ਸਾਲਾ ਕੋਰੋਨਾ ਪੀੜਤ ਏਂਜੇਲਾ ਪ੍ਰਾਮਾਚੇਨਕਾ ਨਾਂ ਦੀ ਗਰਭਵਤੀ ਔਰਤ ਨੇ ਕੋਮਾ ਵਿਚ ਹੀ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ, ਜਿਸ ਨੂੰ ਉਹ ਚਮਤਕਾਰ ਮੰਨਦੀ ਹੈ। ਏਂਜੇਲਾ 33 ਹਫਤਿਆਂ ਦੀ ਗਰਭਵਤੀ ਸੀ ਜਦ ਉਸ ਨੂੰ ਬੁਖਾਰ ਅਤੇ ਹੋਰ ਲੱਛਣ ਦਿਖਾਈ ਦਿੱਤੇ। 24 ਮਾਰਚ ਨੂੰ ਕੋਵਿਡ-19 ਲਈ ਟੈਸਟ ਕੀਤਾ ਗਿਆ ਸੀ ਅਤੇ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। 26 ਮਾਰਚ ਨੂੰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

ਓਰੇਗਨ ਦੇ ਪੋਰਟਲੈਂਡ ਦੇ ਉਪਨਗਰ ਵੈਨਕੁਵਰ ਦੀ ਰਹਿਣ ਵਾਲੀ ਏਂਜੇਲਾ ਦੀ ਹਾਲਤ ਕੋਰੋਨਾ ਟੈਸਟ ਦੇ 8 ਦਿਨ ਬਾਅਦ ਬਹੁਤ ਵਿਗੜ ਗਈ ਤੇ ਉਹ ਕੋਮਾ ਵਿਚ ਚਲੇ ਗਈ। ਵੈਟੀਲੇਟਰ 'ਤੇ ਉਹ ਗਰਭ ਵਿਚ ਆਪਣੇ ਬੱਚੇ ਨਾਲ ਕੋਰੋਨਾ ਨਾਲ ਲੜਾਈ ਲੜਦੀ ਰਹੀ। ਏਂਜੇਲਾ ਨੇ ਕੋਮਾ ਦੌਰਾਨ ਕਰੀਕ ਮੈਡੀਕਲ ਸੈਂਟਰ ਵਿਚ ਡਾਕਟਰਾਂ ਦੀ ਦੇਖ-ਰੇਖ ਵਿਚ ਧੀ ਨੂੰ ਜਨਮ ਦਿੱਤਾ। ਡਲਿਵਰੀ ਦੇ 5 ਦਿਨ ਬਾਅਦ ਜਦ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੀ ਧੀ ਨੂੰ ਦੇਖ ਕੇ ਹੈਰਾਨ ਹੋ ਗਈ। ਉਸ ਨੇ ਇਸ ਸਭ ਨੂੰ ਚਮਤਕਾਰ ਦੱਸਿਆ। ਉਸ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਉਸ ਨਾਲ ਕੀ ਹੋਇਆ, ਉਹ ਇਸ ਬਾਰੇ ਨਹੀਂ ਜਾਣਦੀ। 

ਜਦ ਉਸ ਨੂੰ ਹੋਸ਼ ਆਈ ਤਾਂ ਡਾਕਟਰਾਂ ਨੇ ਤਾੜੀਆਂ ਵਜਾ ਕੇ ਉਸ ਦਾ ਸਵਾਗਤ ਕੀਤਾ। ਦੱਸ ਦਈਏ ਕਿ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਇਸ ਸਮੇਂ ਅਮਰੀਕਾ ਵਿਚ ਹੈ। ਇੱਥੇ 6 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।

Lalita Mam

This news is Content Editor Lalita Mam